ਹਥਿਆਰਬੰਦ ਵਿਅਕਤੀ ਦਿਖਾਈ ਦੇਣ ਮਗਰੋਂ ਅਮਰੀਕਾ ਦੀ ਯੂਨੀਵਰਸਿਟੀ ਕੀਤੀ ਗਈ ਬੰਦ

Thursday, Jul 19, 2018 - 03:29 PM (IST)

ਹਥਿਆਰਬੰਦ ਵਿਅਕਤੀ ਦਿਖਾਈ ਦੇਣ ਮਗਰੋਂ ਅਮਰੀਕਾ ਦੀ ਯੂਨੀਵਰਸਿਟੀ ਕੀਤੀ ਗਈ ਬੰਦ

ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. 'ਚ ਸਥਿਤ ਇਕ ਯੂਨੀਵਰਸਿਟੀ 'ਚ ਹਥਿਆਰਬੰਦ ਵਿਅਕਤੀ ਦੇ ਦਾਖਲ ਹੋਣ ਦੀ ਖਬਰ ਮਿਲਣ ਮਗਰੋਂ ਯੂਨੀਵਰਸਿਟੀ 'ਚ ਲਾਕਡਾਊਨ ਭਾਵ ਬੰਦ ਦੀ ਸਥਿਤੀ ਬਣ ਗਈ। ਹਾਲਾਂਕਿ ਕੁੱਝ ਘੰਟਿਆਂ ਦੇ ਬਾਅਦ ਇਸ ਲਾਕਡਾਊਨ ਨੂੰ ਖਤਮ ਵੀ ਕਰ ਦਿੱਤਾ ਗਿਆ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਯੂਨੀਵਰਸਿਟੀ ਕੈਂਪਸ ਨੇੜੇ ਹਥਿਆਰਬੰਦ ਵਿਅਕਤੀ ਦੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਦੇ ਬਾਅਦ ਵਾਸ਼ਿੰਗਟਨ ਯੂਨੀਵਰਸਿਟੀ ਵਲੋਂ ਇਕ ਟਵੀਟ 'ਚ ਵਿਦਿਆਰਥੀਆਂ ਅਤੇ ਸਟਾਫ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਦਰਵਾਜ਼ੇ ਬੰਦ ਕਰ ਲੈਣ ਅਤੇ ਖਿੜਕੀਆਂ ਤੋਂ ਦੂਰ ਰਹਿਣ। ਪੁਲਸ ਨੂੰ ਹਥਿਆਰਬੰਦ ਵਿਅਕਤੀ ਸਬੰਧੀ ਜਾਣਕਾਰੀ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਨੂੰ ਦੁਪਹਿਰ 1.10 ਵਜੇ ਮਿਲੀ ਸੀ।
ਯੂਨੀਵਰਸਿਟੀ ਵਲੋਂ ਜੋ ਟਵੀਟ ਕੀਤਾ ਗਿਆ ਉਸ ਮੁਤਾਬਕ,''ਕੈਂਪਸ ਦੇ ਨੇੜੇ ਹਥਿਆਰਬੰਦ ਵਿਅਕਤੀ ਬਾਰੇ ਖਬਰਾਂ ਮਿਲੀਆਂ ਹਨ। ਦਰਵਾਜ਼ੇ ਬੰਦ ਕਰ ਲਓ ਅਤੇ ਖਿੜਕੀਆਂ ਤੋਂ ਦੂਰ ਰਹੋ। ਜੇਕਰ ਬਾਹਰ ਹੋ ਤਾਂ ਤੁਰੰਤ ਕੈਂਪਸ ਛੱਡ ਦਿਓ, ਪੁਲਸ ਕਾਰਵਾਈ ਕਰ ਰਹੀ ਹੈ।''
ਯੂਨੀਵਰਸਿਟੀ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਪੁਲਸ ਵਲੋਂ ਜੋ ਜਾਂਚ ਕੀਤੀ ਗਈ ਉਹ ਮੇਨ ਕੈਂਪਸ ਅਤੇ ਈਸਟ ਕੈਂਪਸ 'ਤੇ ਧਿਆਨ ਕੇਂਦਰਿਤ ਕਰਕੇ ਕੀਤੀ ਗਈ ਸੀ। ਪੁਲਸ ਨੂੰ ਜਾਂਚ ਦੌਰਾਨ ਕੁੱਝ ਵੀ ਨਾ ਮਿਲਿਆ। ਉਨ੍ਹਾਂ ਨੇ ਹਰ ਇਮਾਰਤ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਕੁਝ ਦੇਰ ਲਈ ਕੈਂਪਸ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ।


Related News