ਈਰਾਨ ਦੀ ਧਮਕੀ ਦਾ ਜਵਾਬ ਦੇਣ ਲਈ ਪੋਂਪਿਓ ਨੇ ਨੇਤਨਯਾਹੂ ਨਾਲ ਕੀਤੀ ਗੱਲਬਾਤ

Sunday, Jan 05, 2020 - 10:21 AM (IST)

ਵਾਸ਼ਿੰਗਟਨ (ਬਿਊਰੋ): ਕੁਦਸ ਫੋਰਸ ਦੇ ਚੀਫ ਕਾਸਿਮ ਸੁਲੇਮਾਨੀ ਦੀ ਹਵਾਈ ਹਮਲੇ ਵਿਚ ਮੌਤ ਦੇ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਸਿਖਰ 'ਤੇ ਹੈ। ਇਸ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਐਤਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਖੇਤਰ ਵਿਚ ਈਰਾਨ ਵੱਲੋਂ ਸੰਭਾਵਿਤ ਖਤਰੇ ਦਾ ਜਵਾਬ ਦੇਣ 'ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਅਤੇ ਬਲਾਦ ਏਅਰ ਬੇਸ 'ਤੇ ਸ਼ਨੀਵਾਰ ਦੇਰ ਰਾਤ ਈਰਾਨ ਸਮਰਥਕ ਮਿਲੀਸ਼ੀਆ ਨੇ ਕਈ ਰਾਕੇਟ ਹਮਲੇ ਕੀਤੇ।

ਪੋਂਪਿਓ ਨੇ ਟਵੀਟ ਕਰਦਿਆਂ ਲਿਖਿਆ,''ਇਜ਼ਰਾਇਲੀ ਪੀ.ਐੱਮ. ਅਤੇ ਮੈਂ ਇਸ ਖੇਤਰ ਲਈ ਈਰਾਨ ਦੇ ਖਤਰਨਾਕ ਪ੍ਰਭਾਵ ਅਤੇ ਖਤਰਿਆਂ ਦਾ ਮੁਕਾਬਲਾ ਕਰਨ ਦੇ ਮਹੱਤਵ 'ਤੇ ਆਪਸ ਵਿਚ ਚਰਚਾ ਕੀਤੀ। ਅੱਤਵਾਦ ਨੂੰ ਹਰਾਉਣ ਵਿਚ ਇਜ਼ਰਾਈਲ ਦੇ ਲਗਾਤਾਰ ਸਮਰਥਨ ਦੇ ਲਈ ਮੈਂ ਹਮੇਸ਼ਾ ਧੰਨਵਾਦੀ ਹਾਂ। ਇਜ਼ਰਾਈਲ ਅਤੇ ਅਮਰੀਕਾ ਦੇ ਵਿਚਾਲੇ ਦਾ ਸੰਬੰਧ ਅਟੁੱਟ ਹੈ।''

 

ਗੌਰਤਲਬ ਹੈ ਕਿ ਅਮਰੀਕਾ ਦੇ ਹਵਾਈ ਹਮਲੇ ਦੇ ਬਾਅਦ ਇਜ਼ਰਾਇਲੀ ਪੀ.ਐੱਮ. ਨੇਤਨਯਾਹੂ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਸਮਰਥਨ ਵਿਚ ਉਤਰੇ ਸਨ। ਬਗਦਾਦ ਇੰਟਰਨੈਸ਼ਨਲ ਹਵਾਈ ਅੱਡੇ ਦੇ ਨੇੜੇ ਏਅਰ ਸਟ੍ਰਾਈਕ ਵਿਚ ਈਰਾਨ ਦੀ ਐਲੀਟ ਕੁਦਸ ਫੋਰਸ (ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕੋਰਪਸ ਦੀ ਬ੍ਰਾਂਚ) ਦੇ ਚੀਫ ਕਾਸਿਮ ਸੁਲੇਮਾਨੀ ਦੀ ਮੌਤ ਹੋਈ ਸੀ। ਨੇਤਨਯਾਹੂ ਨੇ ਇਸ 'ਤੇ ਕਿਹਾ ਕਿ ਅਮਰੀਕਾ ਕੋਲ ਆਤਮ ਰੱਖਿਆ ਦਾ ਅਧਿਕਾਰ ਹੈ।ਨੇਤਨਯਾਹੂ ਨੇ ਇਕ ਟਵੀਟ ਵਿਚ ਕਿਹਾ,''ਜਿਸ ਤਰ੍ਹਾਂ ਨਾਲ ਇਜ਼ਰਾਈਲ ਕੋਲ ਸੈਲਫ ਡਿਫੈਂਸ ਦਾ ਅਧਿਕਾਰ ਹੈ, ਠੀਕ ਉਸੇ ਤਰ੍ਹਾਂ ਅਮਰੀਕਾ ਕੋਲ ਵੀ ਇਹ ਅਧਿਕਾਰ ਹੈ। ਕਾਸਿਮ ਸੁਲੇਮਾਨੀ ਅਮਰੀਕੀ ਨਾਗਰਿਕਾਂ ਅਤੇ ਕਈ ਨਿਰਦੋਸ਼ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ ਅਜਿਹੇ ਕਈ ਹੋਰ ਮਾਮਲਿਆਂ ਦੀ ਤਿਆਰੀ ਕਰ ਰਿਹਾ ਸੀ।''

ਇਸ ਸਭ ਦੇ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਪੋਂਪਿਓ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸੁਲੇਮਾਨੀ ਨੂੰ ਮਾਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੇ ਕਈ ਅਮਰੀਕੀ ਨਾਗਰਿਕਾਂ ਦੀ ਜਾਨ ਬਚਾ ਲਈ। ਦੂਜੇ ਪਾਸੇ ਈਰਾਨ ਨੇ ਸ਼ੁੱਕਰਵਾਰ ਨੂੰ ਜਨਰਲ ਸੁਲੇਮਾਨੀ ਦੀ ਹੱਤਿਆ ਨੂੰ ਘਿਨਾਉਣਾ ਅਪਰਾਧ ਕਰਾਰ ਦਿੰਦੇ ਹੋਏ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਸੀ।


Vandana

Content Editor

Related News