ਅਮਰੀਕਾ : ਫਲੋਰਿਡਾ ’ਚ ਕੋਰੋਨਾ ਦਾ ਕਹਿਰ, ਵੱਡੀ ਗਿਣਤੀ ਮਾਮਲੇ ਆ ਰਹੇ ਸਾਹਮਣੇ
Monday, Aug 02, 2021 - 10:30 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਫਲੋਰਿਡਾ ਕੋਰੋਨਾ ਵਾਇਰਸ ਦੀ ਲਾਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਸਭ ਤੋਂ ਨਵੇਂ ਰੋਜ਼ਾਨਾ ਕੇਸ ਦਰਜ ਕਰਨ ਤੋਂ ਬਾਅਦ ਹੀ ਫਲੋਰਿਡਾ ਨੇ ਮੌਜੂਦਾ ਸਮੇਂ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਕੀਤਾ ਹੈ, ਜਿਸ ਨੇ ਸਟੇਟ ਦੇ ਪਿਛਲੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਐਤਵਾਰ ਨੂੰ ਫਲੋਰਿਡਾ ’ਚ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੇ ਨਾਲ 10,207 ਲੋਕ ਹਸਪਤਾਲਾਂ ’ਚ ਦਾਖਲ ਸਨ।
ਫਲੋਰਿਡਾ ਹਸਪਤਾਲ ਐਸੋਸੀਏਸ਼ਨ ਦੇ ਅਨੁਸਾਰ ਇਸ ਦਾ ਪਿਛਲਾ ਰਿਕਾਰਡ 23 ਜੁਲਾਈ, 2020 ਦਾ ਸੀ, ਜਦੋਂ ਫਲੋਰਿਡਾ ’ਚ 10,170 ਕੋਰੋਨਾ ਮਰੀਜ਼ ਹਸਪਤਾਲ ’ਚ ਦਾਖਲ ਸਨ। ਫਲੋਰਿਡਾ ਕੋਵਿਡ-19 ਲਈ ਪ੍ਰਤੀ ਵਿਅਕਤੀ ਹਸਪਤਾਲਾਂ ’ਚ ਦਾਖਲਿਆਂ ਸਬੰਧੀ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਪਿਛਲੇ ਹਫ਼ਤੇ ’ਚ ਫਲੋਰਿਡਾ ਵਿੱਚ ਪ੍ਰਤੀ ਦਿਨ ਔਸਤਨ 1525 ਬਾਲਗ ਮਰੀਜ਼ ਹਸਪਤਾਲ ’ਚ ਦਾਖਲ ਹੋਏ। ਫਲੋਰਿਡਾ ’ਚ ਹਸਪਤਾਲ 'ਚ ਦਾਖਲ ਹੋਣ ਵਾਲੇ ਅਤੇ ਵਧ ਰਹੇ ਨਵੇਂ ਕੇਸਾਂ ’ਚ ਜ਼ਿਆਦਾਤਰ ਡੈਲਟਾ ਵੈਰੀਐਂਟ ਦੇ ਕੇਸ ਹਨ। ਹਸਪਤਾਲਾਂ ’ਚ ਦਾਖਲਿਆਂ ਦੀ ਗਿਣਤੀ ਤੋਂ ਪਹਿਲਾਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ’ਚ ਕੋਵਿਡ-19 ਦੇ ਤਕਰੀਬਨ 21,683 ਨਵੇਂ ਮਾਮਲੇ ਦਰਜ ਹੋਏ, ਜੋ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਫਲੋਰਿਡਾ ਦੇ ਸਭ ਤੋਂ ਵੱਧ ਇੱਕ ਦਿਨ ਦੇ ਕੁਲ ਅੰਕੜੇ ਸਨ।