ਅਮਰੀਕਾ : ਪੇਂਟ ਪਲਾਂਟ ’ਚ ਹੋਇਆ ਵੱਡਾ ਧਮਾਕਾ, ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ

Friday, Apr 09, 2021 - 11:59 AM (IST)

ਅਮਰੀਕਾ : ਪੇਂਟ ਪਲਾਂਟ ’ਚ ਹੋਇਆ ਵੱਡਾ ਧਮਾਕਾ, ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਓਹੀਓ ਦੇ ਕੋਲੰਬਸ ’ਚ ਵੀਰਵਾਰ ਨੂੰ ਇੱਕ ਪੇਂਟ ਮੈਨੂਫੈਕਚਰਿੰਗ ਪਲਾਂਟ ’ਚ ਵੱਡਾ ਧਮਾਕਾ ਹੋਇਆ ਤੇ ਅੱਗ ਲੱਗ ਗਈ। ਇਸ ਧਮਾਕੇ ’ਚ ਤਕਰੀਬਨ 8 ਲੋਕ ਜ਼ਖ਼ਮੀ ਹੋ ਗਏ ਹਨ। ਕੋਲੰਬਸ ਫਾਇਰ ਬਟਾਲੀਅਨ ਦੇ ਮੁਖੀ ਸਟੀਵ ਮਾਰਟਿਨ ਦੇ ਅਨੁਸਾਰ ਇੱਕ ਹੋਰ ਵਿਅਕਤੀ ਗੁੰਮ ਹੈ। ਸਵੇਰੇ 12:05 ਵਜੇ ਅਧਿਕਾਰੀਆਂ ਨੂੰ 1920 ਦੇ ਲਿਓਨਾਰਡ ਐਵੇਨਿਊ ’ਤੇ ਹੋਏ ਧਮਾਕੇ ਦੀ ਸੂਚਨਾ ਮਿਲੀ, ਜਿਸ ਉਪਰੰਤ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਯੇਨਕਿਨ ਮੈਜਸਟਿਕ ਪੇਂਟਸ ਵਿਖੇ ਕਾਰਵਾਈ ਕੀਤੀ।
ਇਸ ਦੌਰਾਨ ਵਿਭਾਗੀ ਅਮਲੇ ਨੇ ਪੇਂਟ ਕਰਮਚਾਰੀਆਂ ਨੂੰ ਇਮਾਰਤ ’ਚੋਂ ਬਾਹਰ ਨਿਕਲਦਿਆਂ ਵੇਖਿਆ। ਇਸ ਹਾਦਸੇ ਦੇ ਸਬੰਧ ’ਚ ਮਾਰਟਿਨ ਨੇ ਦੱਸਿਆ ਕਿ ਧਮਾਕੇ ਨਾਲ ਪੰਜ ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਸਥਿਰ ਸੀ, ਜਦਕਿ ਦੋ ਹੋਰ ਕਰਮਚਾਰੀ ਇਮਾਰਤ ਦੇ ਅੰਦਰ ਫਸ ਗਏ ਸਨ। ਉਨ੍ਹਾਂ ਨੂੰ ਅੱਗ-ਬੁਝਾਊ ਅਮਲੇ ਵੱਲੋਂ ਬਚਾਇਆ ਗਿਆ ਤੇ ਇਨ੍ਹਾਂ ਕਰਮਚਾਰੀਆਂ ਦੀ ਹਾਲਤ ਗੰਭੀਰ ਸੀ। ਅਧਿਕਾਰੀਆਂ ਅਨੁਸਾਰ ਇਸ ਧਮਾਕੇ ਦੇ ਸਾਰੇ ਪੀੜਤ ਪਲਾਂਟ ਦੇ ਕਰਮਚਾਰੀ ਹਨ। ਅੱਗ-ਬੁਝਾਊ ਅਮਲੇ ਅਨੁਸਾਰ ਹੋਰ ਕਰਮਚਾਰੀਆਂ ਦੇ ਇਮਾਰਤ ਅੰਦਰ ਹੋਣ ਦੀ ਉਮੀਦ ਸੀ। ਫਾਇਰ ਵਿਭਾਗ ਦੇ ਮੁਖੀ ਮਾਰਟਿਨ ਅਨੁਸਾਰ ਇਸ ਪੇਂਟ ਪਲਾਂਟ ’ਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Anuradha

Content Editor

Related News