ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ''ਚ ਪਾਕਿਸਤਾਨ ਚੁੱਕੇਗਾ ਕਸ਼ਮੀਰ ਦਾ ਮੁੱਦਾ

09/24/2018 5:36:10 PM

ਨਿਊਯਾਰਕ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐੱਨ.) ਮਹਾਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਅਜਿਹੀ ਉਮੀਦ ਹੈ ਕਿ ਪਾਕਿਸਤਾਨ ਇਸ ਮੰਚ ਦਾ ਇਸਤੇਮਾਲ ਕਸ਼ਮੀਰ ਮੁੱਦੇ ਨੂੰ ਚੁੱਕਣ ਲਈ ਕਰੇਗਾ। ਇਸ 'ਤੇ ਭਾਰਤ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਇਕ ਗਲੋਬਲ ਮੰਚ ਹੈ ਅਤੇ ਇਸ ਦਾ ਇਸਤੇਮਾਲ ਗਲੋਬਲ ਮੁੱਦਿਆਂ ਨੂੰ ਚੁੱਕਣ ਲਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਇਸ ਮੰਚ ਤੋਂ ਕਸ਼ਮੀਰ ਦਾ ਮੁੱਦਾ ਚੁੱਕਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਗਲੋਬਲ ਮੁੱਦਿਆਂ ਨੂੰ ਚੁੱਕਣ ਦਾ ਮੰਚ ਹੈ। ਹਾਲਾਂਕਿ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਹਰੇਕ ਦੇਸ਼ ਆਪਣੇ ਤਰੀਕੇ ਨਾਲ ਇਸ ਮੰਚ ਦਾ ਇਸਤੇਮਾਲ ਕਰਨ ਲਈ ਆਜ਼ਾਦ ਹੈ। 

ਅਕਬਰੂਦੀਨ, ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਬੈਠਕ ਵਿਚ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਮੁੜ ਤੋਂ ਚੁੱਕਣ ਦੀ ਸੰਭਾਵਨਾ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਂਝੇਦਾਰੀ ਵਿਚ ਕੰਮ ਕਰਦਾ ਹੈ ਅਤੇ ਭਾਰਤ ਨੂੰ ਇਸ ਗੱਲ 'ਤੇ ਮਾਣ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਸ ਦੀਆਂ ਤਰਜੀਹਾਂ ਕੌਮਾਂਤਰੀ ਭਾਈਚਾਰੇ 'ਚ ਗੂੰਜਦੀਆਂ ਹਨ। ਇਸ ਸੈਸ਼ਨ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹੁੰਚੀ ਹੈ, ਜੋ ਕਿ 29 ਸਤੰਬਰ ਸੈਸ਼ਨ ਨੂੰ ਸੰਬੋਧਨ ਕਰੇਗੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਵਿਚਾਲੇ ਬੈਠਕ ਦੀ ਅਪੀਲ ਨੂੰ ਭਾਰਤ ਨੇ ਮਨਜ਼ੂਰ ਕਰ ਲਿਆ ਸੀ ਪਰ ਭਾਰਤ ਨੇ ਬਾਅਦ ਵਿਚ ਇਸ ਬੈਠਕ ਨੂੰ ਰੱਦ ਕਰ ਦਿੱਤਾ। ਜੰਮੂ-ਕਸ਼ਮੀਰ ਵਿਚ 3 ਪੁਲਸ ਕਰਮਚਾਰੀਆਂ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਅਤੇ ਪਾਕਿਸਤਾਨ ਵਲੋਂ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਦੇ ਨਾਂ 'ਤੇ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਇਹ ਬੈਠਕ ਰੱਦ ਕੀਤੀ ਗਈ। ਇਮਰਾਨ ਖਾਨ ਨੇ ਭਾਰਤ ਦੇ ਇਸ ਕਦਮ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਨਕਾਰਾਤਮਕ ਅਤੇ ਹੰਕਾਰੀ ਰਵੱਈਏ ਤੋਂ ਨਾਰਾਜ਼ ਹਨ।


Related News