ਭਾਰਤੀਆਂ ਨੂੰ ਝਟਕਾ, ਯੂ.ਏ.ਈ. ਦੇ ਰਸਤੇ ਸਾਊਦੀ ਅਰਬ ਅਤੇ ਕੁਵੈਤ ਜਾਣ ''ਤੇ ਲੱਗੀ ਰੋਕ

Tuesday, Feb 09, 2021 - 05:56 PM (IST)

ਭਾਰਤੀਆਂ ਨੂੰ ਝਟਕਾ, ਯੂ.ਏ.ਈ. ਦੇ ਰਸਤੇ ਸਾਊਦੀ ਅਰਬ ਅਤੇ ਕੁਵੈਤ ਜਾਣ ''ਤੇ ਲੱਗੀ ਰੋਕ

ਆਬੂ ਧਾਬੀ (ਬਿਊਰੋ): ਆਬੂ ਧਾਬੀ ਵਿਚ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਸਾਊਦੀ ਅਰਬ ਅਤੇ ਕੁਵੈਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਜਿਹਾ ਇਹਨਾਂ ਦੋਹਾਂ ਦੇਸ਼ਾਂ ਵਿਚ ਯੂ.ਏ.ਈ. ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈਆਂ ਗਈਆਂ ਕੋਵਿਡ ਪਾਬੰਦੀਆਂ ਕਾਰਨ ਕੀਤਾ ਗਿਆ ਹੈ। ਸੋਮਵਾਰ ਨੂੰ ਦੂਤਾਵਾਸ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ। ਇਸ ਵਿਚ ਕਿਹਾ ਕਿ ਭਾਰਤ ਤੋਂ ਵਿਦੇਸ਼ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਆਪਣੀ ਮੰਜ਼ਿਲ ਦੇਸ਼ ਵਿਚ ਲਾਗੂ ਕੋਵਿਡ ਨਿਯਮਾਂ ਸਬੰਧੀ ਯਾਤਰਾ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਹਾਸਲ ਕਰਨੀ ਲਾਜਮੀ ਹੈ।

ਨਾਲ ਹੀ ਆਪਣੇ ਨਾਗਰਿਕਾਂ ਨੂੰ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਰਾਸ਼ੀ ਅਤੇ ਖਾਣ-ਪੀਣ ਦਾ ਸਾਮਾਨ ਨਾਲ ਰੱਖਣ ਦਾ ਸੁਝਾਅ ਦਿੱਤਾ ਹੈ। ਦੂਤਾਵਾਸ ਨੇ ਉਹਨਾਂ ਭਾਰਤੀਆਂ ਨੂੰ ਵੀ ਸਲਾਹ ਦਿੱਤੀ ਹੈ ਜੋ ਪਹਿਲਾਂ ਤੋਂ ਹੀ ਸੰਯੁਕਤ ਅਰਬ ਅਮੀਰਾਤ ਵਿਚ ਹਨ ਅਤੇ ਉੱਥੋਂ ਸਾਊਦੀ ਅਰਬ ਜਾਂ ਕੁਵੈਤ ਜਾਣ ਵਾਲੇ ਹਨ। ਇਹਨਾਂ ਯਾਤਰੀਆਂ ਨੂੰ ਘਰ ਪਰਤਣ ਅਤੇ ਬਾਅਦ ਵਿਚ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ 'ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਪੈਸੇ ਭੇਜਣ ਵਾਲੇ ਪ੍ਰਵਾਸੀਆਂ ਨੂੰ ਲੱਗ ਰਿਹੈ ਜੁਰਮਾਨੇ, ਜਾਣੋ ਪੂਰਾ ਮਾਮਲਾ

ਯੂ.ਏ.ਈ. ਵਿਚ ਫਸੇ ਕਈ ਭਾਰਤੀ
ਇਹ ਐਡਵਾਇਜ਼ਰੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਭਾਰਤੀ ਦੂਤਾਵਾਸ ਨੂੰ ਸਾਊਦੀ ਅਰਬ ਅਤੇ ਕੁਵੈਤ ਜਾਣ ਵਾਲੇ ਕਈ ਭਾਰਤੀਆਂ ਦੇ ਯੂ.ਏ.ਈ. ਵਿਚ ਫਸੇ ਹੋਣ ਦੀ ਜਾਣਕਾਰੀ ਮਿਲੀ ਸੀ। ਦੂਤਾਵਾਸ ਦੇ ਇਕ ਅਧਿਕਾਰੀ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਦਸੰਬਰ 2020 ਤੋਂ ਹੀ ਘੱਟੋ-ਘੱਟ 600 ਭਾਰਤੀ ਯੂ.ਏ.ਈ. ਵਿਚ ਫਸੇ ਹੋਏ ਹਨ। ਉਹ ਸਾਊਦੀ ਅਰਬ ਜਾਂ ਕੁਵੈਤ ਦੀ ਯਾਤਰਾ ਕਰਨਾ ਚਾਹੁੰਦੇ ਸਨ। ਅਧਿਕਾਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ ਪ੍ਰੋਟੋਕਾਲ ਵਿਚ ਤੇਜ਼ੀ ਨਾਲ ਤਬਦੀਲੀ ਹੋਣ ਕਾਰਨ ਮਿਸ਼ਨ ਸਾਊਦੀ ਅਰਬ ਅਤੇ ਕੁਵੈਤ ਜਾਣ ਲਈ ਯੂ.ਏ.ਈ. ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦਾ ਹੈ। ਇਸ ਤੋਂ ਪਹਿਲਾਂ ਮਿਸ਼ਨ ਨੇਇਹਨਾਂ ਯਾਤਰੀਆਂ ਨੂੰ ਕੇਰਲ ਮੁਸਲਿਮ ਕਲਚਰਲ ਸੈਂਟਰ (ਕੇ.ਐੱਮ.ਸੀ.ਸੀ.) ਅਤੇ ਹੋਰ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਯਾਤਰਾ ਲਈ ਵਿਸ਼ੇਸ਼ ਵਿਵਸਥਾ ਕਰਾਈ ਸੀ ਪਰ ਹੁਣ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅਜਿਹੀਆਂ ਸਹੂਲਤਾਂ ਮੁੜ ਉਪਲਬਧ ਨਹੀਂ ਕਰਾਈਆਂ ਜਾਣਗੀਆਂ। ਸਾਊਦੀ ਅਰਬ ਅਤੇ ਕੁਵੈਤ ਦੋਹਾਂ ਨੇ ਹੀ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਦੀ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ।

ਨੋਟ- ਯੂ.ਏ.ਈ. ਦੇ ਰਸਤੇ ਸਾਊਦੀ ਅਰਬ ਅਤੇ ਕੁਵੈਤ ਜਾਣ 'ਤੇ ਲੱਗੀ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News