ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ ''ਚ ਛਾਇਆ ਮਾਤਮ

Monday, Jul 20, 2026 - 03:47 PM (IST)

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ ''ਚ ਛਾਇਆ ਮਾਤਮ

ਇਟਲੀ (ਦਲਵੀਰ ਸਿੰਘ ਕੈਂਥ) ਇਹ ਗੱਲ 16 ਆਨੇ ਸੱਚ ਹੈ ਕਿ ਬੰਦੇ ਦੀ ਮੌਤ ਜਿੱਥੇ ਲਿਖੀ ਹੋਵੇ "ਹੋਣੀ" ਉਸ ਨੂੰ ਘੇਰਕੇ ਉੱਥੇ ਹੀ ਲੈ ਜਾਂਦੀ ਹੈ। ਇੱਕ ਅਜਿਹੀ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਇਟਲੀ ਦੇ ਕਰੇਮੋਨਾ ਸੂਬੇ ਦੇ ਤਰੂਕਾਸ਼ਾਨੋ ਇਲਾਕੇ ਵਿੱਚ ਵਗਦੇ ਅੱਦਾ ਦਰਿਆ ਵਿੱਚ ਵਾਪਰੀ। ਹੋਇਆ ਇੰਝ ਕਿ ਇੱਕ ਭਾਰਤੀ ਨੌਜਵਾਨ ਜਿਹੜਾ ਕਿ ਪੁਰਤਗਾਲ ਰਹਿੰਦਾ ਸੀ ਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਭਰਾ ਨੂੰ ਮਿਲਣ ਇਟਲੀ ਆਇਆ ਸੀ, ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਇਹ ਆਖਰੀ ਯਾਤਰਾ ਹੈ।

PunjabKesari

ਇਟਲੀ ਆਕੇ 47 ਸਾਲਾ ਭਾਰਤੀ ਮੂਲ ਦਾ ਇਹ ਨੌਜਵਾਨ ਆਪਣੇ ਭਰਾ ਤੇ ਉਸ ਦੇ ਪਰਿਵਾਰ ਨਾਲ ਬੀਤੇ ਦਿਨ ਲੰਬਾਰਦੀਆ ਸੂਬੇ ਦੇ ਮਸ਼ਹੂਰ ਇਲਾਕੇ ਰੀਵੋਲਤਾ ਦ' ਅੱਡਾ ਵਿਖੇ ਘੁੰਮਣ ਗਿਆ । ਘੁੰਮਦਿਆਂ ਘੁੰਮਾਉਂਦਿਆ ਇਹ ਪਰਿਵਾਰ ਅੱਦਾ ਦਰਿਆ ਨੇੜੇ ਦਰਖੱਤਾਂ ਦੀ ਛਾਅ ਹੇਠ ਜਦੋਂ ਬੈਠਦਾ ਹੈ ਤਾਂ ਇਸ ਪਰਿਵਾਰ ਦਾ 4 ਸਾਲਾ ਬੱਚਾ ਭੱਜ ਕੇ ਦਰਿਆ ਦੇ ਪਾਣੀ ਵਿੱਚ ਵੜ੍ਹ ਜਾਂਦਾ ਹੈ। ਕੁਝ ਸਮੇਂ ਬਾਅਦ ਪਰਿਵਾਰ ਨੂੰ ਲੱਗਦਾ ਹੈ ਕਿ ਬੱਚਾ ਖਤਰੇ ਵਿੱਚ ਹੈ ਤੇ ਬੱਚੇ ਨੂੰ ਬਚਾਉਣ ਲਈ ਉਸ ਦਾ ਪਿਤਾ ਤੇ ਪੁਰਤਗਾਲ ਤੋਂ ਆਇਆ ਭਾਰਤੀ (ਬੱਚੇ ਦਾ ਚਾਚਾ) ਦਰਿਆ ਵਿੱਚ ਵੜ੍ਹ ਜਾਂਦੇ ਹਨ। ਇਸੇ ਦੌਰਾਨ ਬੱਚਾ ਦਰਿਆ ਵਿੱਚ ਗੋਤੇ ਖਾਉਣੇ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਕੁਝ ਸਮੇਂ ਬਾਅਦ ਗੰਭੀਰ ਹਾਲਤ ਵਿੱਚ ਲੱਭ ਲਿਆ ਜਾਂਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  'ਭਾਰਤੀ ਨਾਗਰਿਕ ਤੁਰੰਤ ਛੱਡ ਦੇਣ ਈਰਾਨ' ! ਦੂਤਾਵਾਸ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

PunjabKesari

ਮੌਕੇ 'ਤੇ ਪਹੁੰਚੀ ਐਮਰਜੈਂਸੀ ਟੀਮ ਤੇ ਗੋਤਾਖੋਰਾਂ ਦੀ ਟੀਮ ਦੁਆਰਾ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਤੇ ਤੁਰੰਤ 4 ਸਾਲਾ ਬੱਚੇ ਨੂੰ ਹੈਲੀਕਾਪਟਰ ਰਾਹੀਂ ਬੇਰਗਾਮੋ ਦੇ ਪਾਪਾ ਜਿਓਵਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ । ਜਦੋਂ ਕਿ ਇਸ ਹਾਦਸੇ ਵਿੱਚ ਬੱਚੇ ਨੂੰ ਬਚਾਉਣ ਗਿਆ ਉਸ ਦਾ ਚਾਚਾ ਜਿਹੜਾ ਪੁਰਤਗਾਲ ਤੋਂ ਆਇਆ ਸੀ ਉਹ ਅੱਦਾ ਦਰਿਆ ਦੇ ਤੇਜ ਵਹਾਅ ਵਿੱਚ ਵਹਿ ਗਿਆ, ਜਿਸ ਨੂੰ ਕਾਫ਼ੀ ਜੱਦੋ-ਜਹਿਦ ਦੇ ਗੋਤਾਖੋਰਾਂ ਨੇ 300 ਮੀਟਰ ਦੂਰ ਜਾਕੇ ਲੱਭਿਆ ਗਿਆ ਪਰ ਅਫ਼ਸੋਸ ਇੰਨੇ ਸਮੇਂ ਪਾਣੀ ਵਿਚ ਡੁੱਬੇ ਰਹਿਣ ਕਾਰਨ ਇਸ ਭਾਰਤੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ।ਲਾਸ਼ ਨੂੰ ਕਬਜੇ ਵਿੱਚ ਪੁਲਸ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਹੋਈਆਂ ਚਾਚੇ -ਭਤੀਜੇ ਦੀਆਂ ਮੌਤਾਂ ਕਾਰਨ ਮਾਤਮ ਛਾਅ ਗਿਆ ਹੈ ਅਤੇ ਪੂਰਾ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਰੀਵੋਲਤਾ ਦ'ਅੱਦਾ ਸ਼ਹਿਰ ਖੂਬਸੂਰਤੀ ਦਾ ਨਮੂਨਾ ਹੈ ਜਿਸ ਕਾਰਨ ਇੱਥੇ ਸੈਲਾਨੀਆਂ ਦਾ ਮੇਲਾ ਲੱਗਾ ਰਹਿੰਦਾ ਹੈ। ਇਸ ਸ਼ਹਿਰ ਦੀ ਖਾਸੀਅਤ ਵਿੱਚ ਇਸ ਦਾ ਜੰਗਲ ਤੇ ਅੱਦਾ ਦਰਿਆ ਵਿਸ਼ੇਸ ਰੋਲ ਨਿਭਾਅ ਰਹੇ ਹਨ ਪਰ ਭਾਰਤੀ ਪਰਿਵਾਰ ਲਈ ਇਹ ਸ਼ਹਿਰ ਹੋਣੀ ਵਾਲਾ ਸ਼ਹਿਰ ਬਣ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News