ਰੁਚਿਰਾ ਕੰਬੋਜ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਚੁਣੀ ਗਈ ਪ੍ਰਧਾਨ
Saturday, Feb 18, 2023 - 03:12 PM (IST)

ਵਾਸ਼ਿੰਗਟਨ (ਭਾਸ਼ਾ)- ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੂੰ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਪ੍ਰਧਾਨ ਚੁਣਿਆ ਗਿਆ ਹੈ। ਕੰਬੋਜ ਨੂੰ ਇਸ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਉੱਤਰੀ ਮੈਸੇਡੋਨੀਆ ਤੋਂ ਜੌਹਨ ਇਵਾਨੋਵਸਕੀ, ਡੋਮਿਨਿਕਨ ਰੀਪਬਲਿਕ ਤੋਂ ਕਾਰਲਾ ਮਾਰੀਆ ਕਾਰਲਸਨ ਅਤੇ ਲਕਸਮਬਰਗ ਤੋਂ ਥਾਮਸ ਲੈਮਰ ਨੂੰ 62ਵੇਂ ਸੈਸ਼ਨ ਦਾ ਉਪ-ਪ੍ਰਧਾਨ ਚੁਣਿਆ ਗਿਆ।
ਇਸ ਤੋਂ ਪਹਿਲਾਂ ਸਮਾਜਿਕ ਵਿਕਾਸ ਕਮਿਸ਼ਨ ਨੇ ਆਪਣੇ 61ਵੇਂ ਸੈਸ਼ਨ ਦੇ ਆਖ਼ਰੀ ਦਿਨ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਨੂੰ ਚਾਰ ਡਰਾਫਟ ਪ੍ਰਸਤਾਵ ਮਨਜ਼ੂਰੀ ਲਈ ਭੇਜੇ ਸਨ। ਜਿਨ੍ਹਾਂ ਡਰਾਫਟ ਪ੍ਰਸਤਾਵਾਂ ਨੂੰ ਸਰਬਸੰਮਤੀ ਨਾਲ ਅਪਣਾਇਆ ਜਾਣਾ ਹੈ, ਉਨ੍ਹਾਂ ਵਿੱਚ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਪੂਰਨ ਰੁਜ਼ਗਾਰ ਪੈਦਾ ਕਰਨਾ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਮ ਸਥਿਤੀ ਨੂੰ ਬਹਾਲ ਕਰਨ 'ਤੇ ਜ਼ੋਰ ਦੇਣਾ ਸ਼ਾਮਲ ਹੈ। ਕਮਿਸ਼ਨ ਦੇ 62ਵੇਂ ਸੈਸ਼ਨ ਦੀ ਪਿਛਲੀ ਬੈਠਕ ਦੌਰਾਨ ਭਵਿੱਖ ਦੇ ਸੰਗਠਨ ਅਤੇ ਸਮਾਜਿਕ ਵਿਕਾਸ ਲਈ ਕਮਿਸ਼ਨ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ।