ਕੋਰੀਆਈ ਪ੍ਰਾਇਦੀਪ ਤਣਾਅ ਅਤੇ ਸੰਕਟ ਵਾਲੀ ਸਥਿਤੀ ਦਾ ਕਰ ਰਿਹੈ ਸਾਹਮਣਾ : ਸੰਯੁਕਤ ਰਾਸ਼ਟਰ ਦੂਤ

12/10/2017 10:56:55 AM

ਵਾਸ਼ਿੰਗਟਨ— ਉੱਤਰੀ ਕੋਰੀਆ ਦੀ ਯਾਤਰਾ 'ਤੇ ਗਏ ਸੰਯੁਕਤ ਰਾਸ਼ਟਰ ਦੇ ਇਕ ਦੂਤ ਨੇ ਕੋਰੀਆਈ ਪ੍ਰਾਇਦੀਪ 'ਚ ਮੌਜੂਦਾ ਸਥਿਤੀ ਨੂੰ 'ਸਭ ਤੋਂ ਵਧੇਰੇ ਤਣਾਅ ਪੂਰਣ ਅਤੇ ਸੰਕਟਪੂਰਣ ਸ਼ਾਂਤੀ ਅਤੇ ਸੁਰੱਖਿਆ ਦਾ ਮੁੱਦਾ' ਦੱਸਿਆ ਅਤੇ ਉੱਤਰੀ ਕੋਰੀਆਈ ਦੀ ਅਗਵਾਈ ਤੋਂ ਕਿਹਾ ਕਿ ਉਸ ਨੂੰ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਸੰਬੰਧਤ ਪ੍ਰਸਤਾਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਰਾਜਨੀਤਕ ਮਾਮਲਿਆਂ ਦੇ ਜਨਰਲ ਸਕੱਤਰ ਜੇਫਰੀ ਫੈਲਟਮੈਨ 5 ਤੋਂ 8 ਦਸੰਬਰ ਤਕ ਉੱਤਰੀ ਕੋਰੀਆ ਦੀ ਯਾਤਰਾ 'ਤੇ ਸੀ। ਯਾਤਰਾ ਦੌਰਾਨ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਯੋਂਗ ਹੋ ਅਤੇ ਉਨ੍ਹਾਂ ਦੇ ਉਪ ਮੰਤਰੀ ਪੀ.ਏ.ਕੇ. ਯੋਂਗ ਗੁਕ ਦੇ ਨਾਲ ਕਈ ਬੈਠਕਾਂ ਕੀਤੀਆਂ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਉਨ੍ਹਾਂ ਨੇ ਕੋਰੀਆਈ ਪ੍ਰਾਇਦੀਪ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਗੱਲ 'ਤੇ ਸਹਿਮਤ ਹੋਏ ਕਿ ਮੌਜੂਦਾ ਸਥਿਤੀ ਦੁਨੀਆ 'ਚ ਅੱਜ ਦੀ ਸਭ ਤੋਂ ਤਣਾਅਪੂਰਣ ਸਥਿਤੀ ਹੈ ਅਤੇ ਉਹ ਸੰਕਟਪੂਰਣ ਸ਼ਾਂਤੀ ਅਤੇ ਸੁਰੱਖਿਆ ਦਾ ਮੁੱਦਾ ਹੈ।'' 
ਫੈਲਟਮੈਨ ਨੇ ਕਿਹਾ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰੀ ਕੋਰੀਆ ਨੂੰ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਸੰਬੰਧਤ ਪ੍ਰਸਤਾਵ ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਦਾ ਸਿਰਫ ਕੂਟਨੀਤਕ ਹੱਲ ਹੋ ਸਕਦਾ ਹੈ, ਜੋ ਸਿਰਫ ਗੱਲਬਾਤ ਦੀ ਪ੍ਰਕਿਰਿਆ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਣਾਅ ਵਧਣ ਨਾਲ ਚਿੰਤਤ ਕੌਮਾਂਤਰੀ ਭਾਈਚਾਰਾ ਕੋਰੀਆਈ ਪ੍ਰਾਇਦੀਪ ਦੀ ਵਰਤਮਾਨ ਸਥਿਤੀ ਦਾ ਸ਼ਾਂਤੀਪੂਰਣ ਹੱਲ ਕੱਢਣ ਲਈ ਵਚਨਬੱਧ ਹੈ।


Related News