ਰੋਹਿੰਗਿਆ ਸ਼ਰਣਾਰਥੀਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਬੰਗਲਾਦੇਸ਼ ਜਾਣਗੇ ਗੁਤੇਰਸ

06/29/2018 3:39:46 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤੇਰਸ ਮਿਆਂਮਾਰ 'ਚ ਹਜ਼ਾਰਾਂ ਰੋਹਿੰਗਿਆ ਸ਼ਰਣਾਰਥੀਆਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਦੇ ਸੰਬੰਧ 'ਚ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਗਲੇ ਹਫਤੇ ਬੰਗਲਾਦੇਸ਼ ਜਾਣਗੇ। ਤੁਹਾਨੂੰ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮੁਤਾਬਕ ਹਿੰਸਾ ਤੋਂ ਬਚਣ ਲਈ 25 ਅਗਸਤ ਤੋਂ ਹੁਣ ਤਕ ਤਕਰੀਬਨ 6 ਲੱਖ ਘੱਟ ਗਿਣਤੀ ਰੋਹਿੰਗਿਆ ਸ਼ਰਣਾਰਥੀ ਮਿਆਂਮਾਰ ਦੇ ਰਖਾਇਨ ਸੂਬੇ ਨੂੰ ਛੱਡ ਕੇ ਜਾ ਚੁੱਕੇ ਹਨ।

ਫੌਜ ਨੇ ਇਲਾਕੇ 'ਚ ਫੌਜੀ ਮੁਹਿੰਮ ਛੇੜੀ ਹੋਈ ਹੈ, ਜਿਸ ਨਾਲ ਦੁਨੀਆ ਦਾ ਇਕ ਵੱਡਾ ਸ਼ਰਣਾਰਥੀ ਸੰਕਟ ਖੜ੍ਹਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕੱਲ ਇੱਥੇ ਰਿਪੋਰਟਰਾਂ ਨੂੰ ਕਿਹਾ ਕਿ ਗੁਤੇਰਸ ਇਕ ਜੁਲਾਈ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯੋਂਗ ਕਿਮ ਨਾਲ ਮਿਲ ਕੇ ਸਾਂਝੀ ਯਾਤਰਾ 'ਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ 2017 ਦੇ ਸਭ ਤੋਂ ਵੱਡੇ ਸ਼ਰਣਾਰਥੀ ਸੰਕਟ ਨਾਲ ਨਜਿੱਠਣ 'ਚ ਬੰਗਲਾਦੇਸ਼ ਦੀ ਰਹਿਮ ਦਿਲੀ ਨੂੰ ਪੇਸ਼ ਕਰੇਗੀ ਅਤੇ ਇਸ ਦੇ ਨਾਲ ਹੀ ਗੁਤੇਰਸ ਕੌਮਾਂਤਰੀ ਭਾਈਚਾਰੇ ਨੂੰ ਰੋਹਿੰਗਿਆ ਸ਼ਰਣਾਰਥੀਆਂ ਦੀ ਮਦਦ ਕਰਨ ਲਈ ਹੋਰ ਵਧੇਰੇ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕਰਨਗੇ।


Related News