ਯੂ. ਐਨ ਨੇ ਹੇਨਰਿਟਾ ਫੋਰ ਨੂੰ ਯੂਨੀਸੇਫ ਦੀ ਮੁਖੀ ਕੀਤਾ ਨਿਯੁਕਤ

12/23/2017 12:24:13 PM

ਸੰਯੁਕਤ ਰਾਸ਼ਟਰ(ਭਾਸ਼ਾ)— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਟੋਨੀਓ ਗੁਤਾਰੇਸ ਨੇ ਅਮਰੀਕੀ ਸਰਕਾਰ ਦੀ ਸਾਬਕਾ ਸੀਨੀਅਰ ਅਧਿਕਾਰੀ ਹੇਨਰਿਟਾ ਐਚ. ਫੋਰ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਨਵੀਂ ਕਾਰਜਕਾਰੀ ਨਿਦੇਸ਼ਕ ਨਿਯੁਕਤ ਕੀਤਾ ਹੈ। ਵਿਸ਼ਵ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੈ। ਹੇਨਰਿਟਾ (69) ਨੇ ਆਰਥਿਕ ਵਿਕਾਸ, ਸਿੱਖਿਆ ਅਤੇ ਸਿਹਤ, ਮਨੁੱਖੀ ਸਹਾਇਤਾ ਅਤੇ ਕੌਮਾਂਤਰੀ ਅਤੇ ਵਿਕਾਸਸ਼ੀਲ ਵਿਸ਼ਵ ਵਿਚ ਕਠਿਨ ਹਾਲਾਤਾਂ ਵਿਚ ਆਫਤ ਰਾਹਤ ਲਈ ਚੰਗਾ ਕੰਮ ਕੀਤਾ ਹੈ। ਉਹ ਕੌਮਾਂਤਰੀ ਵਿਕਾਸ ਲਈ ਅਮਰੀਕੀ ਏਜੰਸੀ ਦੀ ਪ੍ਰਸ਼ਾਸਕ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਸੀ ਅਤੇ ਉਹ ਵਿਦੇਸ਼ ਵਿਭਾਗ ਵਿਚ ਅਮਰੀਕੀ ਵਿਦੇਸ਼ੀ ਸਹਾਇਤਾ ਦੀ ਨਿਦੇਸ਼ਕ ਵੀ ਰਹੀ। ਉਹ ਇਨ੍ਹਾਂ ਅਹੁਦਿਆਂ 'ਤੇ 2006 ਤੋਂ 2009 ਤੱਕ ਰਹੀ ਸੀ। ਇਸ ਦੇ ਨਾਲ ਹੀ ਹੇਨਰਿਟਾ ਨੇ 1989 ਤੋਂ 1993 ਤੱਕ ਏਸ਼ੀਆ ਅਤੇ ਨਿੱਜੀ ਉਦਯੋਗ ਲਈ ਯੂ. ਐਸ. ਏ. ਆਈ. ਡੀ (United States Agency for International Development) ਸਹਾਇਤਾ ਪ੍ਰਸ਼ਾਸਕ ਦੇ ਰੂਪ ਵਿਚ ਕੰਮ ਕੀਤਾ। ਵਰਤਮਾਨ ਵਿਚ ਨਿਰਮਾਣ ਅਤੇ ਨਿਵੇਸ਼ ਕੰਪਨੀ ਹੋਲਸਮੈਨ ਇੰਟਰਨੈਸ਼ਨਲ ਦੀ ਸੀ. ਈ. ਓ ਹੇਨਰਿਟਾ ਅਮਰੀਕੀ ਵਿਦੇਸ਼ ਵਿਭਾਗ ਵਿਚ ਅਹਿਮ ਭੂਮਿਕਾ ਵੀ ਨਿਭਾ ਚੁੱਕੀ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੋਰਟ ਨੇ ਯੂਨੀਸੇਫ ਪ੍ਰਮੁੱਖ ਦੇ ਰੂਪ ਵਿਚ ਹੇਨਰਿਟਾ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਵਿਚ ਆਪਣੀ ਨਵੀਂ ਭੂਮਿਕਾ ਵਿਚ ਵਿਸ਼ਵ ਦੇ ਬੱਚਿਆਂ ਵੱਲੋਂ ਇਕ 'ਮਜ਼ਬੂਤ' ਆਵਾਜ਼ ਬਣੇਗੀ। ਉਹ ਐਂਥਨੀ ਲੇਕ ਦਾ ਸਥਾਨ ਲਏਗੀ। ਲੇਕ ਦਾ ਕਾਰਜਕਾਲ 31 ਦਸੰਬਰ ਨੂੰ ਸਮਾਪਤ ਹੋ ਰਿਹਾ ਹੈ। ਫੋਰ 1 ਜਨਵਰੀ 2018 ਤੋਂ ਯੂਨੀਸੇਫ ਦੇ ਸੱਤਵੇਂ ਕਾਰਜਕਾਰੀ ਨਿਦੇਸ਼ਕ ਦਾ ਅਹੁਦਾ ਸੰਭਾਲੇਗੀ। ਟਰੰਪ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ।


Related News