ਜ਼ੇਲੇਂਸਕੀ ਅੱਜ ਬਾਈਡੇਨ ਅਤੇ ਨਾਟੋ ਦੇ ਨੇਤਾਵਾਂ ਨੂੰ ਕਰਨਗੇ ਸੰਬੋਧਿਤ, ਦੁਨੀਆ ਭਰ ਦੇ ਲੋਕਾਂ ਨੂੰ ਕੀਤੀ ਇਹ ਅਪੀਲ
Thursday, Mar 24, 2022 - 02:43 PM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਕਟਗ੍ਰਸਤ ਦੇਸ਼ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਜਨਤਕ ਤੌਰ 'ਤੇ ਇਕੱਠੇ ਹੋਣ। ਜ਼ੇਲੇਂਸਕੀ ਅੱਜ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇੱਕ ਮਹੀਨਾ ਪੂਰਾ ਹੋਣ 'ਤੇ ਬ੍ਰਸੇਲਜ਼ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਨੂੰ ਸੰਬੋਧਿਤ ਕਰਨਗੇ।
ਜ਼ੇਲੇਂਸਕੀ ਨੇ ਕੀਵ ਵਿੱਚ ਰਾਸ਼ਟਰਪਤੀ ਦਫ਼ਤਰ ਨੇੜੇ ਵੀਰਵਾਰ ਰਾਤ ਨੂੰ ਰਿਕਾਰਡ ਕੀਤੇ ਇੱਕ ਵੀਡੀਓ ਵਿੱਚ ਇੱਕ ਭਾਵਨਾਤਮਕ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਘਰੋਂ ਬਾਹਰ ਨਿਕਲੋ ਅਤੇ ਆਵਾਜ਼ ਬੁਲੰਦ ਕਰੋ। ਦਿਖਾਓ ਕਿ ਲੋਕ ਮਾਇਨੇ ਰੱਖਦੇ ਹਨ। ਆਜ਼ਾਦੀ ਮਾਇਨੇ ਰੱਖਦੀ ਹੈ। ਸ਼ਾਂਤੀ ਮਾਇਨੇ ਰੱਖਦੀ ਹੈ। ਯੂਕ੍ਰੇਨ ਮਾਇਨੇ ਰੱਖਦਾ ਹੈ। ਜ਼ੇਲੇਂਸਕੀ ਨੇ ਰੂਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਦਿਆਂ ਕਿਹਾ ਕਿ ਉਹ ਨਾਟੋ ਮੈਂਬਰਾਂ ਨਾਲ ਹੋਣ ਵਾਲੀ ਵੀਡੀਓ ਕਾਨਫਰੰਸ ਵਿਚ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਸਮੇਤ ਹੋਰ ਪ੍ਰਭਾਵੀ ਅਤੇ ਬਿਨਾਂ ਰੁਕਾਵਟ ਸਹਾਇਤਾ ਪ੍ਰਦਾਨ ਕਰਨ ਲਈ ਕਹਿਣਗੇ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀ ਬੌਖ਼ਲਾਹਟ ਵਧੀ, ਅਮਰੀਕੀ ਡਿਪਲੋਮੈਟਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ
ਬਾਈਡੇਨ ਵੀਰਵਾਰ ਨੂੰ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਅਤੇ ਯੂਕ੍ਰੇਨ ਨੂੰ ਹੋਰ ਫ਼ੌਜੀ ਸਹਾਇਤਾ ਬਾਰੇ ਵਿਚਾਰ ਵਟਾਂਦਰੇ ਲਈ ਨਾਟੋ ਦੇ ਮੈਂਬਰਾਂ, ਜੀ -7 ਸਮੂਹ ਦੇ ਨੇਤਾਵਾਂ ਅਤੇ ਯੂਰਪੀਅਨ ਕੌਂਸਲ ਨਾਲ ਲੜੀਵਾਰ ਮੀਟਿੰਗਾਂ ਕਰਨ ਵਾਲੇ ਹਨ। ਬਾਈਡੇਨ ਨਾਲ ਆਪਣੀ ਮੁਲਾਕਾਤ ਦੀ ਪੂਰਵ ਸੰਧਿਆ 'ਤੇ, ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਨੂੰ ਹੋਰ 550 ਲੱਖ ਡਾਲਰ ਦੀ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਮੀਟਿੰਗਾਂ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਗੱਠਜੋੜ ਨੇ ਪਹਿਲਾਂ ਹੀ ਯੂਕ੍ਰੇਨ ਨੂੰ ਮਿਲਟਰੀ ਸਹਾਇਤਾ ਵਧਾ ਦਿੱਤੀ ਹੈ ਪਰ ਵਾਅਦਿਆਂ ਨੂੰ ਪੂਰਾ ਕਰਨ ਲਈ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।