ਯੂਕ੍ਰੇਨ ਦਾ ਰੂਸ ਦੀਆਂ 74 ਬਸਤੀਆਂ ’ਤੇ ਕਬਜ਼ਾ, ਐਮਰਜੈਂਸੀ ਐਲਾਨ
Thursday, Aug 15, 2024 - 05:13 AM (IST)
ਕੀਵ - ਰੂਸ ਦੇ ਬੇਲਗੋਰੋਦ ਸਰਹੱਦੀ ਖੇਤਰ ’ਚ ਯੂਕ੍ਰੇਨ ਦੀ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ, ਜਿਸ ਕਾਰਨ ਬੁੱਧਵਾਰ ਨੂੰ ਐਮਰਜੈਂਸੀ ਐਲਾਨ ਦਿੱਤੀ ਗਈ ਕਿਉਂਕਿ ਯੂਕ੍ਰੇਨੀ ਫੌਜ ਲਗਾਤਾਰ ਦੂਜੇ ਹਫਤੇ ਕੁਰਸਕ ਖੇਤਰ ’ਚ ਘੁਸਪੈਠ ਕਰ ਰਹੀ ਹੈ।
ਇਸ ਦੌਰਾਨ ਯੂਕ੍ਰੇਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਰੂਸੀ ਖੇਤਰ ’ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਬੇਲਗੋਰੋਦ ਦੇ ਗਵਰਨਰ ਵਿਆਚੇਸਲਾਵ ਗਲੈਦਕੋਵ ਨੇ ਖੇਤਰ ਦੀ ਸਥਿਤੀ ਨੂੰ ਬਹੁਤ ਮੁਸ਼ਕਲ ਅਤੇ ਤਣਾਅਪੂਰਨ ਦੱਸਿਆ ਕਿਉਂਕਿ ਹਮਲਿਆਂ ਨੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਗਲੈਦਕੋਵ ਨੇ ਕਿਹਾ ਕਿ ਲੱਗਭਗ 5,000 ਬੱਚਿਆਂ ਨੂੰ ਸੁਰੱਖਿਅਤ ਕੈਂਪਾਂ ’ਚ ਪਹੁੰਚਾ ਦਿੱਤਾ ਗਿਆ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਰੂਸੀ ਫੌਜ, ਜਹਾਜ਼ਾਂ ਅਤੇ ਡਰੋਨਾਂ ਨੇ ਯੂਕ੍ਰੇਨ ਦੇ ਬਖਤਰਬੰਦ ਵਾਹਨਾਂ ਨੂੰ ਰੂਸ ’ਚ ਦਾਖਣ ਹੋਣ ਤੋਂ ਰੋਕ ਦਿੱਤਾ।
ਇਸ ਦੌਰਾਨ ਯੂਕ੍ਰੇਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੇਓਰਹੀ ਤੇਖਈ ਅਤੇ ਫੌਜ ਦੇ ਕਮਾਂਡਰ ਓਲੈਕਜ਼ੈਂਡਰ ਸਿਰਸਕੀ ਨੇ ਇਕ ਵੀਡੀਓ ਵਿਚ ਕਿਹਾ ਕਿ ਯੂਕ੍ਰੇਨ ਨੇ ਕੁਰਸਕ ਖੇਤਰ ਵਿਚ 74 ਬਸਤੀਆਂ ’ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ’ਚ ਉਸ ਨੇ 40 ਵਰਗ ਕਿਲੋਮੀਟਰ (15 ਵਰਗ ਮੀਲ) ਦੇ ਖੇਤਰ ’ਤੇ ਕੰਟਰੋਲ ਹਾਸਲ ਕਰ ਲਿਆ ਹੈ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕ੍ਰੇਨ ਨੇ ਵੱਡੇ ਪੱਧਰ ’ਤੇ ਭੜਕਾਉਣ ਦੀ ਕਾਰਵਾਈ ਕੀਤੀ ਹੈ।