ਚੀਨ ਨੇ ਅਮਰੀਕਾ ਨਾਲ ਕੀਤੀ ਗੱਲਬਾਤ, ਕਿਹਾ- ਯੂਕ੍ਰੇਨ ਮਸਲਾ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਹੱਲ

Sunday, Mar 06, 2022 - 02:14 PM (IST)

ਚੀਨ ਨੇ ਅਮਰੀਕਾ ਨਾਲ ਕੀਤੀ ਗੱਲਬਾਤ, ਕਿਹਾ- ਯੂਕ੍ਰੇਨ ਮਸਲਾ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਹੱਲ

ਬੀਜਿੰਗ (ਵਾਰਤਾ): ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਅਜਿਹੇ ਕਦਮ ਦਾ ਵਿਰੋਧ ਕਰਦਾ ਹੈ ਜੋ ਯੂਕ੍ਰੇਨ ਵਿਚ ਚੱਲ ਰਹੇ ਫ਼ੌਜੀ ਸੰਘਰਸ਼ ਨੂੰ ਹੋਰ ਵਧਾ ਸਕਦਾ ਹੈ। ਵਾਂਗ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਸ਼ਨੀਵਾਰ ਨੂੰ ਫੋਨ 'ਤੇ ਹੋਈ ਗੱਲਬਾਤ ਵਿਚ ਕਿਹਾ ਕਿ ਯੂਕ੍ਰੇਨ ਮੁੱਦਾ ਗੁੰਝਲਦਾਰ ਹੈ, ਜੋ ਨਾ ਸਿਰਫ ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਨਿਯਮਾਂ ਨਾਲ ਜੁੜਿਆ ਹੋਇਆ ਹੈ, ਸਗੋਂ ਵੱਖ-ਵੱਖ ਪੱਖਾਂ ਦੇ ਸੁਰੱਖਿਆ ਹਿੱਤਾਂ ਨਾਲ ਵੀ ਨੇੜਿਓਂ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅਮਰੀਕਾ ਨੂੰ ਮੌਜੂਦਾ ਸੰਕਟ ਦੇ ਹੱਲ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਖੇਤਰ 'ਚ ਲੰਬੇ ਸਮੇਂ ਦੀ ਸਥਿਰਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਕੀਤੀ 'ਭਾਵਨਾਤਮਕ' ਅਪੀਲ, ਕਿਹਾ-ਹੋਰ ਜਹਾਜ਼ ਭੇਜੋ

ਸਮਾਚਾਰ ਏਜੰਸੀ ਸ਼ਿਨਹੂਆ ਨੇ ਵਾਂਗ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਯੂਕ੍ਰੇਨ ਵਿੱਚ ਚੱਲ ਰਿਹਾ ਯੁੱਧ ਜਲਦੀ ਹੀ ਰੁਕ ਜਾਵੇਗਾ, ਮੌਜੂਦਾ ਸਥਿਤੀ ਬਿਹਤਰ ਹੋ ਜਾਵੇਗੀ। ਨਾਗਰਿਕਾਂ ਅਤੇ ਉਨ੍ਹਾਂ ਦੀ ਜਾਇਦਾਦ ਦੀ ਸੁਰੱਖਿਆ ਦੀ ਗਾਰੰਟੀ ਦੇ ਨਾਲ, ਉੱਥੇ ਪੈਦਾ ਹੋਏ ਮਨੁੱਖੀ ਸੰਕਟ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਵਿਵਾਦ ਦਾ ਹੱਲ ਗੱਲਬਾਤ ਅਤੇ ਆਪਸੀ ਸਮਝੌਤੇ ਰਾਹੀਂ ਹੀ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਚੀਨ ਤਣਾਅ ਨੂੰ ਘੱਟ ਕਰਨ ਅਤੇ ਸਥਿਤੀ ਦੇ ਸਿਆਸੀ ਹੱਲ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਦਾ ਹੈ। ਵਿਦੇਸ਼ ਮੰਤਰੀ ਵਾਂਗ ਨੇ ਕਿਹਾ ਕਿ ਚੀਨ, ਰੂਸ ਨਾਲ ਗੱਲਬਾਤ ਵਿਚ ਸ਼ਾਮਲ ਹੋਣ ਲਈ ਅਮਰੀਕਾ, ਨਾਟੋ ਅਤੇ ਯੂਰਪੀ ਸੰਘ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News