ਯੂ. ਕੇ. : ਪ੍ਰਧਾਨ ਮੰਤਰੀ ਅਗਲੇ ਹਫਤੇ ਤੋਂ ਰਾਸ਼ਟਰੀ ਤਾਲਾਬੰਦੀ ਲਾਉਣ ਦੀ ਤਿਆਰੀ ’ਚ

10/31/2020 5:22:55 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਫਿਰ ਤੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੇ ਸਰਕਾਰ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਦੁਬਾਰਾ ਤੋਂ ਵੱਧ ਰਿਹਾ ਵਾਇਰਸ ਦਾ ਪ੍ਰਕੋਪ ਲੋਕਾਂ ਦੀ ਜਾਨ ਲੈ ਰਿਹਾ ਹੈ ਅਤੇ ਸਿਹਤ ਸਹੂਲਤਾਂ 'ਤੇ ਵੀ ਦਬਾਅ ਵਧ ਰਿਹਾ ਹੈ। ਇਸ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਬੌਰਿਸ ਜੌਹਨਸਨ ਬੁੱਧਵਾਰ ਤੜਕੇ ਤੋਂ ਹੀ ਰਾਸ਼ਟਰੀ ਤਾਲਾਬੰਦੀ ਲਗਾਉਣ ਦੀ ਤਿਆਰੀ ਕਰ ਰਹੇ ਹਨ। 

ਜਾਣਕਾਰੀ ਅਨੁਸਾਰ ਇਹ ਪਾਬੰਦੀਆਂ 1 ਦਸੰਬਰ ਤੱਕ ਨਰਸਰੀਆਂ, ਸਕੂਲ, ਯੂਨੀਵਰਸਿਟੀਆਂ ਅਤੇ ਜ਼ਰੂਰੀ ਦੁਕਾਨਾਂ ਨੂੰ ਛੱਡ ਕੇ ਹੋਰ ਸਭ ਕੁੱਝ 'ਤੇ ਲਾਗੂ ਹੋਣਗੀਆਂ। ਇਸ ਸੰਬੰਧੀ ਪ੍ਰਧਾਨ ਮੰਤਰੀ ਨੇ ਕੱਲ ਦੁਪਹਿਰ ਸੀਨੀਅਰ ਕੈਬਨਿਟ ਮੰਤਰੀਆਂ ਰਿਸ਼ੀ ਸੁਨਾਕ, ਮਾਈਕਲ ਗੋਵ ਅਤੇ ਮੈਟ ਹੈਨਕੌਕ ਨਾਲ ਮੀਟਿੰਗ ਕੀਤੀ ਅਤੇ ਮੰਤਰੀਆਂ ਅਨੁਸਾਰ ਵੀ ਕੌਂਮੀ ਪਾਬੰਦੀਆਂ ਲਾਗੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਵਿਗਿਆਨਕ ਸਲਾਹਕਾਰ ਸਮੂਹ ਫੌਰ ਐਮਰਜੈਂਸੀਜ਼ (ਸੇਜ) ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਦਸਤਾਵੇਜ਼ਾਂ ਦੁਆਰਾ ਦੱਸਿਆ ਕਿ ਕੋਵਿਡ-19 ਇੰਗਲੈਂਡ ਵਿਚ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਸੇਜ ਨੇ ਸਰਦੀਆਂ ਦੇ ਸਮੇਂ ਦੌਰਾਨ ਕੋਰੋਨਾਂ ਵਾਇਰਸ ਤੋਂ 85,000 ਮੌਤਾਂ ਦਾ ਅਨੁਮਾਨ ਲਗਾਇਆ ਹੈ।


ਇਸ ਤੋਂ ਇਲਾਵਾ ਉਪ ਮੁੱਖ ਮੈਡੀਕਲ ਅਧਿਕਾਰੀ ਜੋਨਾਥਨ ਵੈਨ ਟੈਮ ਨੇ ਵੀ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਂ ਵਾਇਰਸ ਕੰਟਰੋਲ ਤੋਂ ਬਾਹਰ ਹੈ। ਮੰਤਰੀਆਂ ਨੂੰ ਉਮੀਦ ਹੈ ਕਿ ਰਾਸ਼ਟਰੀ ਤਾਲਾਬੰਦੀ ਦੇ ਉਪਾਅ ਵਾਇਰਸ ਦੇ ਫੈਲਣ ਨੂੰ ਦਬਾਉਣ ਵਿਚ ਸਹਾਇਤਾ ਕਰਨਗੇ। ਸਿਹਤ ਮਾਹਿਰਾਂ ਨੇ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਤਾਲਾਬੰਦੀ 'ਚ ਦੇਰੀ ਕਰਨ ਨਾਲ ਇੰਗਲੈਂਡ ਦੇ ਹਸਪਤਾਲ 17 ਦਸੰਬਰ ਤੱਕ ਮਰੀਜ਼ਾਂ ਨਾਲ ਭਰੇ ਸਕਦੇ ਹਨ। ਪ੍ਰਧਾਨ ਮੰਤਰੀ ਵਲੋਂ ਸੋਮਵਾਰ ਨੂੰ ਰਾਸ਼ਟਰ ਨੂੰ ਸੰਬੋਧਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਵਿਚ ਉਹ ਜ਼ਰੂਰੀ ਰਾਸ਼ਟਰੀ ਤਾਲਾਬੰਦੀ ਦਾ ਐਲਾਨ ਕਰ ਸਕਦੇ ਹਨ ਜੋ ਜ਼ਰੂਰੀ ਦੁਕਾਨਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਕਰ ਦੇਵੇਗਾ।


Sanjeev

Content Editor

Related News