ਯੂ. ਕੇ. : ਤਾਲਾਬੰਦੀ ਦੌਰਾਨ ਪਾਰਟੀਆਂ ਕਰਨ ਵਾਲਿਆਂ ਨੂੰ ਹੋਵੇਗਾ 800 ਪੌਂਡ ਜੁਰਮਾਨਾ

01/22/2021 5:15:57 PM

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਤਾਲਾਬੰਦੀ ਇਸ ਭਿਆਨਕ ਮਹਾਮਰੀ ਨੂੰ ਕਾਬੂ ਕਰਨ ਦੇ ਜ਼ਰੂਰੀ ਉਪਾਵਾਂ ਵਿਚੋਂ ਇਕ ਹੈ। ਯੂ. ਕੇ. ਇਸ ਸਮੇਂ ਤੀਜੀ ਰਾਸ਼ਟਰੀ ਤਾਲਾਬੰਦੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। 

ਇਨ੍ਹਾਂ ਨਿਯਮਾਂ ਵਿਚ ਘਰੇਲੂ ਪਾਰਟੀਆਂ ਵਿਚ ਇਕੱਠ ਕਰਨ 'ਤੇ ਰੋਕ ਹੈ ਪਰ ਲਾਪਰਵਾਹ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਕੇ ਵਾਇਰਸ ਦੇ ਫੈਲਣ ਵਿਚ ਯੋਗਦਾਨ ਪਾਉਂਦੇ ਹਨ। ਇਸ ਲਈ ਇਨ੍ਹਾਂ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਤਾਲਾਬੰਦੀ ਦੌਰਾਨ ਘਰੇਲੂ ਪਾਰਟੀ ਵਿਚ 15 ਜਾਂ ਇਸ ਤੋਂ ਵੱਧ ਲੋਕਾਂ ਦਾ ਇਕੱਠ ਕਰਕੇ ਕੋਰੋਨਾ ਦੇ ਨਿਯਮ ਤੋੜਨ ਵਾਲਿਆਂ ਨੂੰ 800 ਪੌਂਡ ਦਾ ਜ਼ੁਰਮਾਨਾ ਕਰਨ ਦੀ ਘੋਸ਼ਣਾ ਕੀਤੀ ਹੈ। 

ਇਸ ਦੇ ਇਲਾਵਾ ਇਸ ਅਪਰਾਧ ਨੂੰ ਫਿਰ ਦੁਹਰਾਉਣ ਵਾਲਿਆਂ ਲਈ ਜ਼ੁਰਮਾਨਾ 6,400 ਪੌਂਡ ਤੱਕ ਹੋਵੇਗਾ। ਜ਼ੁਰਮਾਨੇ ਸੰਬੰਧੀ ਇਹ ਨਵੇਂ ਨਿਯਮ ਅਗਲੇ ਹਫਤੇ ਲਾਗੂ ਹੋ ਜਾਣਗੇ। ਪ੍ਰੀਤੀ ਪਟੇਲ ਅਨੁਸਾਰ ਘਰਾਂ ਵਿਚ ਇਕੱਠ ਕਰਨ ਦਾ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਜਨਤਕ ਸਿਹਤ ਲਈ ਖ਼ਤਰਾ ਪੈਦਾ ਕਰਦਾ ਹੈ। ਇਸ ਨਾਲ ਨਾ ਸਿਰਫ ਹਾਜ਼ਰੀਨ ਬਲਕਿ ਕਾਰਵਾਈ ਕਰਨ ਗਏ ਪੁਲਸ ਅਧਿਕਾਰੀ ਵੀ ਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ। 

ਇਸ ਸਮੇਂ ਜੁਰਮਾਨੇ ਦੀ ਰਾਸ਼ੀ 200 ਪੌਂਡ ਹੈ, ਜਦੋਂ ਕਿ 30 ਤੋਂ ਵਧੇਰੇ ਵਿਅਕਤੀਆਂ ਨਾਲ ਨਿਯਮ ਤੋੜਨ ਵਾਲੇ ਸਮਾਗਮਾਂ ਦੇ ਪ੍ਰਬੰਧਕ ਨੂੰ 10,000 ਪੌਂਡ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। 

ਤਾਲਾਬੰਦੀ ਦੌਰਾਨ ਕੀਤੇ ਜੁਰਮਾਨਿਆਂ ਬਾਰੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਦੋ ਦਿਨਾਂ ਦੌਰਾਨ 140 ਤੋਂ ਵੱਧ ਜੁਰਮਾਨੇ ਦੇ ਨੋਟਿਸ (ਐੱਫ. ਪੀ. ਐੱਨ.) ਜਾਰੀ ਕੀਤੇ ਗਏ ਹਨ । ਇਨ੍ਹਾਂ ਵਿਚ ਟਾਵਰ ਹੈਮਲੇਟਸ ਵਿਚ 40 ਤੋਂ ਵੱਧ ਲੋਕਾਂ ਦੀ ਇਕ ਘਰੇਲੂ ਪਾਰਟੀ ਅਤੇ ਹੈਕਨੀ ਵਿਚ ਇਕ ਪੂਜਾ ਸਥਾਨ 'ਚ ਵੱਡੀ ਪਾਰਟੀ ਸ਼ਾਮਲ ਹੈ। ਇਸ ਦੌਰਾਨ, ਸਾਊਥ ਯੌਰਕਸ਼ਾਇਰ ਪੁਲਸ ਨੇ ਵੀ ਪਿਛਲੇ ਹਫ਼ਤੇ 127 ਜੁਰਮਾਨੇ ਕੀਤੇ ਹਨ, ਜਿਨ੍ਹਾਂ ਵਿਚੋਂ 92 ਘਰੇਲੂ ਇਕੱਠਾਂ ਲਈ ਸਨ।


Lalita Mam

Content Editor

Related News