ਬ੍ਰਿਟੇਨ : ਅਦਾਲਤ 'ਚ 29 ਨੂੰ ਦੂਜੀ ਅਰਜ਼ੀ ਦਾਇਰ ਕਰੇਗਾ ਨੀਰਵ ਮੋਦੀ

03/26/2019 8:53:39 PM

ਲੰਡਨ (ਏਜੰਸੀ)- ਭਾਰਤ ਵਿਚ ਲੋੜੀਂਦਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਹੁਣ ਆਪਣੀ ਜ਼ਮਾਨਤ ਦੀ ਦੂਜੀ ਪਟੀਸ਼ਨ ਲਈ ਲੰਡਨ ਸਥਿਤ ਵੇਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਸ਼ੁੱਕਰਵਾਰ ਨੂੰ ਪੇਸ਼ ਹੋਵੇਗਾ। ਦੋ ਅਰਬ ਡਾਲਰ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ। ਮੰਗਲਵਾਰ ਨੂੰ ਅਦਾਲਤ ਦੇ ਇਕ ਅਫਸਰ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਆਉਣ ਵਾਲੀ 29 ਮਾਰਚ ਨੂੰ ਦੂਜੀ ਜ਼ਮਾਨਤ ਪਟੀਸ਼ਨ ਲਈ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ, ਮਨੀ ਲਾਂਡਰਿੰਗ ਮਾਮਲੇ ਵਿਚ ਨੀਰਵ ਮੋਦੀ ਖਿਲਾਫ ਅਗਲੀ ਸੁਣਵਾਈ ਜੱਜ ਚੀਫ ਮੈਜਿਸਟ੍ਰੇਟ ਐਮਾ ਅਬਾਰਟ ਦੀ ਅਦਾਲਤ ਵਿਚ ਹੀ ਹੋਵੇਗੀ। ਜੱਜ ਐਮਾ ਅਬਾਰਟ ਨੇ ਪਿਛਲੇ ਸਾਲ ਦਸੰਬਰ ਵਿਚ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮਾਲਕ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ।

ਫਿਲਹਾਲ ਮਾਲਿਆ ਦਾ ਇਹ ਕੇਸ ਹੁਣ ਬ੍ਰਿਟੇਨ ਦੇ ਹਾਈਕੋਰਟ ਵਿਚ ਇਸ ਫੈਸਲੇ ਖਿਲਾਫ ਅਪੀਲ ਲਈ ਪੈਂਡਿੰਗ ਹੈ। ਬ੍ਰਿਟੇਨ ਦੀ ਲਾ ਫਰਮ ਜਈਵਾਲਾ ਐਂਡ ਕੰਪਨੀ ਦੇ ਸੰਸਥਾਪਕ ਅਤੇ ਸੀਨੀਅਰ ਭਾਈਵਾਲ ਸਰੋਸ਼ ਜਈਵਾਲਾ ਨੇ ਕਿਹਾ ਕਿ ਮਾਲਿਆ ਦੇ ਮਾਮਲੇ ਤੋਂ ਬਾਅਦ ਭਾਰਤ ਕੋਲ ਇਕ ਉਦਾਹਰਣ ਹੈ ਕਿ ਉਹ ਬ੍ਰਿਟੇਨ ਤੋਂ ਨੀਰਵ ਮੋਦੀ ਦੀ ਹਵਾਲਗੀ ਪ੍ਰਕਿਰਿਆ ਲਈ ਕਿਸ ਤਰ੍ਹਾਂ ਅੱਗੇ ਵਧੇ। ਉਥੇ ਹੀ ਨੀਰਵ ਮੋਦੀ ਦੀ ਬਚਾਅ ਟੀਮ ਨੇ ਪਿਛਲੀ ਸੁਣਵਾਈ ਦੌਰਾਨ ਬਤੌਰ ਸਕਿਓਰਿਟੀ 500,000 ਪੌਂਡ ਦੇਣ ਦੀ ਪੇਸ਼ਕਸ਼ ਕੀਤੀ ਸੀ।

ਪਿਛਲੇ ਬੁੱਧਵਾਰ ਨੂੰ ਡਿਸਟ੍ਰਿਕਟ ਜੱਜ ਮੈਰੀ ਮਾਲੋਨ ਨੇ ਪਹਿਲੀ ਹੀ ਸੁਣਵਾਈ ਵਿਚ ਸਕਾਟਲੈਂਡ ਯਾਰਡ ਦੀ ਪੁਲਸ ਨੂੰ 48 ਸਾਲਾ ਨੀਰਵ ਮੋਦੀ ਦੀ ਗ੍ਰਿਫਤਾਰੀ ਦਾ ਹੁਕਮ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ ਉਸ ਨੂੰ ਦੱਖਣੀ-ਪੱਛਮੀ ਲੰਡਨ ਦੇ ਐਚ.ਐਮ.ਪੀ. ਵੈਂਡਸਵਰਥ ਜੇਲ ਵਿਚ ਭੇਜ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਕੋਲ ਕਈ ਪਾਸਪੋਰਟ ਦਾ ਪਤਾ ਲੱਗਾ ਹੈ। ਜਦੋਂ ਕਿ ਭਾਰਤੀ ਪ੍ਰਸ਼ਾਸਨ ਉਸ ਦਾ ਭਾਰਤੀ ਪਾਸਪੋਰਟ ਪਹਿਲਾਂ ਹੀ ਰੱਦ ਕਰ ਚੁੱਕਾ ਹੈ। ਪਾਸਪੋਰਟ ਤੋਂ ਇਲਾਵਾ ਭਗੌੜੇ ਕਾਰੋਬਾਰੀ ਕੋਲ ਕਈ ਦੇਸ਼ਾਂ ਦੇ ਰੈਜ਼ੀਡੈਂਸੀ ਕਾਰਡ ਵੀ ਹਨ। ਇਨ੍ਹਾਂ ਵਿਚੋਂ ਕੁਝ ਦੀ ਸਮਾਂ ਸੀਮਾ ਖਤਮ ਹੋ ਗਈ ਹੈ। ਪਰ ਇਨ੍ਹਾਂ ਦੇ ਦਮ 'ਤੇ ਉਹ ਯੂ.ਏ.ਈ., ਸਿੰਗਾਪੁਰ ਅਤੇ ਹਾਂਗਕਾਂਗ ਜਾ ਸਕਦਾ ਹੈ।


Sunny Mehra

Content Editor

Related News