ਦੁਨੀਆ ਤੋਂ ਅਲੱਗ-ਥਲੱਗ ਪਿਆ UK, ਖਾਣ ਵਾਲੇ ਪਦਾਰਥਾਂ ''ਚ ਆ ਸਕਦੀ ਹੈ ਕਮੀ
Tuesday, Dec 22, 2020 - 10:08 PM (IST)
ਲੰਡਨ- ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਦੇ ਬਾਅਦ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਲੋਂ ਹਵਾਈ ਪਾਬੰਦੀਆਂ ਲਗਾਈਆਂ ਜਾਣ ਨਾਲ ਬ੍ਰਿਟੇਨ ਅਲੱਗ-ਥਲੱਗ ਪੈ ਗਿਆ ਹੈ। ਸਭ ਤੋਂ ਜ਼ਿਆਦਾ ਅਸਰ ਫਰਾਂਸ ਵਲੋਂ ਲਗਾਈਆਂ ਪਾਬੰਦੀਆਂ ਤੋਂ ਪਿਆ ਹੈ। ਫਰਾਂਸ ਜਾਣ ਲਈ 1500 ਤੋਂ ਵੱਧ ਟਰੱਕ ਇੰਗਲੈਂਡ ਦੀ ਸਰਹੱਦ 'ਤੇ ਖੜ੍ਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਬੰਦੀਆਂ ਵਿਚ ਢਿੱਲ ਨਾ ਦਿੱਤੀ ਗਈ ਤਾਂ ਬ੍ਰਿਟੇਨ ਨੂੰ ਖੁਰਾਕ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਧਰ, ਪਾਬੰਦੀਆਂ ਵਿਚ ਢਿੱਲ ਲਈ ਸੋਮਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਗੱਲ ਕੀਤੀ।
ਫਰਾਂਸ ਦੇ ਆਵਾਜਾਈ ਮੰਤਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਬੁੱਧਵਾਰ ਨੂੰ ਦੋਵੇਂ ਦੇਸ਼ ਮਾਲਭਾੜਾ ਸੇਵਾ ਸ਼ੁਰੂ ਕਰਨ ਦਾ ਐਲਾਨ ਕਰ ਸਕਦੇ ਹਨ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਫਰਾਂਸ ਸਥਿਤ ਆਪਣੇ ਹਮਰੁਤਬਾ ਨਾਲ ਉਹ ਗੱਲ ਕਰ ਰਹੀ ਹੈ। ਇਸ ਦਾ ਕੀ ਹੱਲ ਨਿਕਲਦਾ ਹੈ, ਇਹ ਅਜੇ ਦੇਖਣਾ ਹੋਵੇਗਾ।
ਇਕ ਬਦਲ ਇਹ ਹੋ ਸਕਦਾ ਹੈ ਕਿ ਫਰਾਂਸ ਜਾਣ ਲਈ ਤਿਆਰ ਖੜ੍ਹੇ ਟਰੱਕ ਡਰਾਈਵਰਾਂ ਦਾ ਕੋਰੋਨਾ ਟੈਸਟ ਕਰਵਾ ਕੇ ਉਨ੍ਹਾਂ ਨੂੰ ਭੇਜਿਆ ਜਾਵੇ। ਹਾਲਾਂਕਿ ਇਸ ਟੈਸਟ ਦੀ ਨਤੀਜਾ ਆਉਣ ਵਿਚ 24 ਤੋਂ 48 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਕਿੰਨੇ ਟਰੱਕ ਜਾ ਕੇ ਵਾਪਸ ਆ ਸਕਣਗੇ। ਓਧਰ, ਬ੍ਰਿਟੇਨ ਦੇ ਨਾਲ ਯਾਤਰਾ ਪਾਬੰਦੀ ਲੱਗਣ ਦੇ ਬਾਅਦ ਤੁਰਕੀ ਦੀਆਂ ਸੁਪਰਮਾਰਕਿਟਾਂ ਵਿਚ ਹਫੜਾ-ਦਫੜੀ ਦੇਖਣ ਨੂੰ ਮਿਲੀ।
ਲੋਕ ਟਾਇਲਟ ਰੋਲ, ਬਰੈੱਡ, ਸਬਜ਼ੀਆਂ ਆਦਿ ਖਰੀਦਦੇ ਦੇਖੇ ਗਏ।