UK ''ਚ ਆਯੋਜਿਤ ਕੀਤਾ ਗਿਆ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਸਮਾਗਮ
Monday, Sep 07, 2026 - 03:03 PM (IST)
ਲੰਡਨ (ਸਰਬਜੀਤ ਸਿੰਘ ਬਨੂੜ)- ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਦਿਆਂ ਪੰਜਾਬ ਪੁਲਸ ਵੱਲੋਂ ਸ਼ਹੀਦ ਕੀਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਵੈਸਟ ਬਰਾਮਿਚ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਈ ਖਾਲੜਾ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ, ਮਨੁੱਖੀ ਅਧਿਕਾਰਾਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੇ ਭਵਿੱਖ ਸਬੰਧੀ ਵਿਚਾਰ ਸਾਂਝੇ ਕੀਤੇ।
ਸਮਾਗਮ 'ਚ 'ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ.' ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੌਹਾਨ, ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਭਾਈ ਨਿਰੰਜਨ ਸਿੰਘ ਬਾਸੀ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਖਾਲੜਾ, ਭਾਈ ਰਜਿੰਦਰ ਸਿੰਘ ਸੰਧੂ (ਖਾਲੜਾ), ਸਾਬਕਾ ਮੇਅਰ ਤੇ ਖਾਲਿਸਤਾਨ ਆਗੂ ਭਾਈ ਜੋਗਿੰਦਰ ਸਿੰਘ ਬੱਲ ਸਲੋਹ ਅਤੇ ਭਾਈ ਕੁਲਦੀਪ ਸਿੰਘ ਨਿਹੰਗ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਅਤੇ ਲਾਪਤਾ ਕੀਤੇ ਗਏ ਲੋਕਾਂ ਲਈ ਕੀਤਾ ਗਿਆ ਸੰਘਰਸ਼ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀਆਂ ਹੋਣ, ਪਰ ਕੇਂਦਰ ਦੀਆਂ ਨੀਤੀਆਂ ਦਾ ਪ੍ਰਭਾਵ ਸੂਬੇ ਦੇ ਫ਼ੈਸਲਿਆਂ ’ਤੇ ਬਣਿਆ ਰਹਿੰਦਾ ਹੈ। ਬੁਲਾਰਿਆਂ ਨੇ ਖਾਲਿਸਤਾਨ ਨੂੰ ਸਿੱਖ ਕੌਮ ਦੀਆਂ ਸਮੱਸਿਆਵਾਂ ਦਾ ਹੱਲ ਦੱਸਦਿਆਂ ਇਸ ਨਿਸ਼ਾਨੇ ਲਈ ਸ਼ਾਂਤਮਈ ਅਤੇ ਨਿਸ਼ਕਾਮ ਯਤਨਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲਾ ਝੰਡਾ ਦਿਖਾ ਕੇ ਰੋਸ ਪ੍ਰਗਟਾਉਣ ਵਾਲੇ ਨੌਜਵਾਨ ਮੋਹਣਜੀਤ ਸਿੰਘ ’ਤੇ ਕਥਿਤ ਪੁਲਸ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾਉਣ ਵਾਲੇ ਨੌਜਵਾਨ ਨਾਲ ਪੁਲਸ ਵੱਲੋਂ ਅਣਉੱਚਿਤ ਵਰਤਾਅ ਕੀਤਾ ਗਿਆ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਬੁਲਾਰਿਆਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀਆਂ ਪੈਰੋਲਾਂ ਅਤੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲਿਆਂ ਵਿੱਚ ਕਥਿਤ ਦੋਹਰੇ ਮਾਪਦੰਡਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬੰਦੀ ਸਿੰਘਾਂ ਦੇ ਕੇਸਾਂ ਦੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਸਮੀਖਿਆ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਘੱਟ-ਗਿਣਤੀਆਂ ਨਾਲ ਨਿਆਂ ਦੇ ਮਾਮਲੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ।
ਸਮਾਗਮ 'ਚ ਸਿੱਖ ਸੰਘਰਸ਼ ਅਤੇ ਇਸ ਨਾਲ ਸਬੰਧਤ ਸ਼ਖ਼ਸੀਅਤਾਂ ਦੀ ਫ਼ਿਲਮਾਂ ਵਿੱਚ ਕੀਤੀ ਜਾ ਰਹੀ ਪੇਸ਼ਕਾਰੀ ’ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੁਝ ਫ਼ਿਲਮਾਂ ਵਿੱਚ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਪੇਸ਼ਕਾਰੀ ਦੀ ਤੱਥਾਂ ਦੇ ਆਧਾਰ ’ਤੇ ਸਮੀਖਿਆ ਹੋਣੀ ਚਾਹੀਦੀ ਹੈ।
ਇਸ ਮੌਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾਵਾਂ, ਸਾਕਾ 13 ਅਪ੍ਰੈਲ 1978 ਦੇ ਸ਼ਹੀਦ ਭਾਈ ਰਘਬੀਰ ਸਿੰਘ ਦੀ ਸਿੰਘਣੀ ਬੀਬੀ ਹਰਦੇਵ ਕੌਰ ਅਤੇ ਜੂਨ 84 ਦੇ ਘੱਲੂਘਾਰੇ ਦੇ ਰੋਸ ਵਿੱਚ ਲੰਡਨ ਵਿੱਚ ਭਾਰਤੀ ਦੂਤਾਵਾਸ ਨੂੰ ਨੁਕਸਾਨ ਪਹੁੰਚਾਉਣ ਤੇ ਸਾਬਕਾ ਮੇਅਰ ਭਾਈ ਜੋਗਿੰਦਰ ਸਿੰਘ ਬੱਲ, ਭਾਈ ਸਤਨਾਮ ਸਿੰਘ ਕੰਗ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਨਵੀਂ ਕਿਤਾਬ ‘ਸਿੱਦਕੀ ਤੇ ਸੰਘਰਸ਼ੀ’ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
