ਯੂ. ਕੇ. ’ਚ ਨਵ-ਨਿਯੁਕਤ ਭਾਰਤੀ ਹਾਈ ਕਮਿਸ਼ਨਰ ਨੇ ਮਿਡਲੈਂਡਮ ਦਾ ਕੀਤਾ ਦੌਰਾ

01/23/2019 8:57:37 AM

ਲੰਡਨ  (ਜ.ਬ.)-ਮਾਣਯੋਗ ਸ਼੍ਰੀਮਤੀ ਰੁਚੀ ਘਣਸ਼ਿਆਮ ਭਾਰਤੀ ਹਾਈ ਕਮਿਸ਼ਨਰ ਯੂ. ਕੇ. ਨੇ ਪਿਛਲੇ ਦਿਨੀਂ ਆਪਣੇ ਪਤੀ ਅੰਬੈਸਡਰ ਏ. ਆਰ. ਘਣਸ਼ਿਆਮ ਸਮੇਤ ਮਿਡਲੈਂਡਮ ਦਾ ਪਹਿਲਾ ਸਰਕਾਰੀ ਦੌਰਾ ਕੀਤਾ। ਉਨ੍ਹਾਂ ਨੇ ਸ਼੍ਰੀਮਤੀ ਵਿਜੇਲਕਸ਼ਮੀ ਪੰਡਿਤ (1954-1961) ਤੋਂ ਬਾਅਦ ਯੂ. ਕੇ. ’ਚ ਭਾਰਤੀ ਹਾਈ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਹੈ।  
ਆਪਣੇ ਸਰਕਾਰੀ ਦੌਰੇ ਦੌਰਾਨ ਉਨ੍ਹਾਂ  ਨੇ ਕੋਵੈਂਟੀ ਵਿਖੇ ਵਾਰਵਿਕ ਮੈਨੂਫੈਕਚਰਿੰਗ ਗਰੁੱਪ ਡਬਲਯੂ. ਐੱਮ. ਜੀ.  ਦਾ ਦੌਰਾ ਕਰਦਿਆਂ ਸੰਚਾਲਕ ਅਤੇ ਚੇਅਰਮੈਨ ਪ੍ਰੋ. ਲਾਰਡ ਕੁਮਾਰ ਭੱਟਾਚਾਰੀਅਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਇੰਡੀਆ-ਯੂ. ਕੇ. ਕਾਰੋਬਾਰੀ ਭਾਈਵਾਲੀ ’ਚ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਲਾਰਡ ਭੱਟਾਚਾਰੀਅਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਨ੍ਹਾਂ ਦੇ ਭਰਪੂਰ ਯਤਨਾਂ ਕਰਕੇ ਬਰਤਾਨਵੀ ਉਦਯੋਗ ਨੇ ਤਰੱਕੀ ਦੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਬਰਮਿੰਘਮ ’ਚ ਈਸਟ ਐਂਡ ਫੂਡਸ ਕੰਪਨੀ, ਜੋ ਕਿ ਵੋਹਰਾ ਭਰਾਵਾਂ ਦੀ ਅਗਵਾਈ ਹੇਠ ਭਾਰਤੀ ਮਸਾਲਿਆਂ ਅਤੇ  ਯੂ. ਕੇ. ਯੂਰਪੀ ਮਾਰਕੀਟ ’ਚ ਏਸ਼ੀਅਨ ਫੂਡਜ਼ ਉਤਪਾਦ ਦੇ ਪ੍ਰਮੁੱਖ ਸਪਲਾਇਰਾਂ ਵਿਚੋਂ ਇਕ ਹੈ, ਦਾ ਵੀ ਦੌਰਾ ਕੀਤਾ। ਵੱਖ-ਵੱਖ ਇਲਾਕਿਆਂ ਵਿਚ ਦੌਰੇ ਦੌਰਾਨ ਕਾਊਂਸਰ ਜਨਰਲ ਡਾ. ਅਮਨਪੁਰੀ ਨੇ ਮਹਿਮਾਨਾਂ ਨਾਲ ਮਾਣਯੋਗ ਭਾਰਤੀ ਹਾਈ ਕਮਿਸ਼ਨਰ ਦੀ ਜਾਣ– ਪਛਾਣ ਕਰਵਾਉਂਦਿਆਂ ਆਸ ਪ੍ਰਗਟ ਕੀਤੀ ਕਿ ਨਵੇਂ ਹਾਈ ਕਮਿਸ਼ਨਰ ਵਲੋਂ ਵਿਖਾਈ ਗਈ ਡੂੰਘੀ ਦਿਲਚਸਪੀ ਨਾਲ ਭਾਰਤ ਅਤੇ ਯੂ. ਕੇ. ਵਿਚ ਸਿਆਸੀ ਮਜ਼ਬੂਤੀ ਆਵੇਗੀ ਅਤੇ ਦੋਵਾਂ ਦੇਸ਼ਾਂ  ਦੇ ਸਬੰਧਾਂ ਵਿਚ ਮਿਠਾਸ ਘੁਲਦੀ ਰਹੇਗੀ।
ਮਾਣਯੋਗ ਹਾਈ ਕਮਿਸ਼ਨਰ ਨੇ ਡਿਵੀਡੇਲ ਵਿਚ ਸ਼੍ਰੀ ਵੈਂਕਟੇਸ਼ਵਰ (ਬਾਲਾ ਜੀ) ਮੰਦਿਰ  ਦੇ ਕੰਪਲੈਕਸ ਵਿਚ ਸਥਾਪਤ ਗਾਂਧੀ ਪੀਸ ਸੈਂਟਰ ਦਾ ਵੀ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।


Related News