ਯੂ. ਕੇ. ਆਉਣ ਲਈ ਹਾਂਗਕਾਂਗ ਵਾਸੀਆਂ ਦੇ ਖੁੱਲ੍ਹੇ ਭਾਗ, ਜਨਵਰੀ ਤੋਂ ਮਿਲ ਸਕੇਗੀ ਨਿਯਮਾਂ ''ਚ ਢਿੱਲ

Saturday, Oct 24, 2020 - 01:32 PM (IST)

ਯੂ. ਕੇ. ਆਉਣ ਲਈ ਹਾਂਗਕਾਂਗ ਵਾਸੀਆਂ ਦੇ ਖੁੱਲ੍ਹੇ ਭਾਗ, ਜਨਵਰੀ ਤੋਂ ਮਿਲ ਸਕੇਗੀ ਨਿਯਮਾਂ ''ਚ ਢਿੱਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਪ੍ਰਵਾਸੀਆਂ ਲਈ ਆਪਣੇ ਨਿਯਮਾਂ ਵਿਚ ਤਬਦੀਲੀ ਕਰਦਾ ਰਹਿੰਦਾ ਹੈ। ਇਸੇ ਤਬਦੀਲੀ ਤਹਿਤ ਜਨਵਰੀ ਤੋਂ ਹਾਂਗਕਾਂਗ ਵਾਸੀਆਂ ਲਈ ਇਮੀਗ੍ਰੇਸ਼ਨ ਨਿਯਮਾਂ ਵਿਚ ਨਰਮੀ ਹੋਣ ਜਾ ਰਹੀ ਹੈ।ਇਸ ਸੰਬੰਧ ਵਿੱਚ ਸਰਕਾਰੀ ਅਨੁਮਾਨਾਂ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਹਾਂਗਕਾਂਗ ਤੋਂ 10 ਲੱਖ ਲੋਕ ਨਵੇਂ ਵੀਜ਼ਾ ਪ੍ਰਬੰਧਾਂ ਤਹਿਤ ਯੂ. ਕੇ.  ਆ ਸਕਦੇ ਹਨ। ਗ੍ਰਹਿ ਦਫਤਰ ਦੇ ਅਧਿਕਾਰੀਆਂ ਦੇ ਅਨੁਮਾਨਾਂ ਅਨੁਸਾਰ ਜਨਵਰੀ ਵਿਚ ਵੀਜ਼ਾ ਉਪਲਬਧ ਹੋਣ ਤੋਂ ਬਾਅਦ ਪਹਿਲੇ ਸਾਲ ਤਕਰੀਬਨ 500,000 ਲੋਕ ਇੱਥੇ ਪਹੁੰਚ ਸਕਦੇ ਹਨ।  ਇਹ ਸਿੱਟੇ ਵਿਭਾਗ ਦੁਆਰਾ ਕੀਤੇ ਮੁਲਾਂਕਣ ਦਾ ਹਿੱਸਾ ਹਨ ਜੋ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ (ਬੀ ਐਨ ਓ) ਨਾਗਰਿਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੋ ਹਾਂਗਕਾਂਗ ਵਿੱਚ ਰਹਿੰਦੇ ਹਨ ਨੂੰ ਯੂ. ਕੇ.  ਵਿਚ ਰਹਿਣ ਅਤੇ ਕੰਮ ਕਰਨ ਲਈ ਵੀਜ਼ਾ ਲਈ ਬਿਨੈ ਕਰਨ ਦੀ ਆਗਿਆ ਦੇਣ ਦੀ ਯੋਜਨਾ ਲਈ ਤੈਅ ਕੀਤੇ ਗਏ ਸਨ।

ਅਧਿਕਾਰੀਆਂ ਵਿਚ ਮਾਮਲੇ ਸੰਬੰਧੀ ਅਨਿਸ਼ਚਿਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਹੋਰ ਕਾਰਕਾਂ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਇਸ ਪੇਸ਼ਕਸ਼ ਨੂੰ ਸਵਿਕਾਰ ਵੀ ਕਰਨਗੇ।
ਅਧਿਕਾਰੀ ਇਕ ਕੇਂਦਰੀ ਪੈਮਾਨੇ ਅਨੁਸਾਰ ਇਹ ਵੀ ਅਨੁਮਾਨ ਲਗਾਉਂਦੇ ਹਨ ਕਿ ਪਹਿਲੇ ਸਾਲ ਵਿਚ 1,23,000 ਤੋਂ 1,53,700 ਲੋਕ ਇੱਥੇ ਪਹੁੰਚ ਸਕਦੇ ਹਨ ਜਦਕਿ ਪੰਜ ਸਾਲਾਂ ਵਿਚ 258,000 ਤੋਂ 322,400 ਦੇ ਵਿਚਕਾਰ ਹਾਂਗਕਾਂਗ ਵਾਸੀਆਂ ਦੀ ਯੂ. ਕੇ.  ਪਹੁੰਚਣ ਦੀ ਆਸ ਹੈ। ਇਨ੍ਹਾਂ ਪੰਜ ਸਾਲਾਂ ਵਿਚ ਆਮਦ ਕਰਨ ਵਾਲਿਆਂ ਤੋਂ ਯੂ. ਕੇ.  ਨੂੰ 2.4 ਬਿਲੀਅਨ ਪੌਂਡ ਤੋਂ ਲੈ ਕੇ ਅਤੇ 2.9 ਬਿਲੀਅਨ ਤੱਕ ਟੈਕਸ ਪ੍ਰਾਪਤ ਹੋ ਸਕਦਾ ਹੈ।

ਇਸ ਸੰਬੰਧੀ ਯੂ. ਕੇ.  ਨੇ ਹਾਂਗ ਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ। ਲਗਭਗ 30 ਲੱਖ ਲੋਕ ਬੀ. ਐੱਨ. ਓ. ਲਈ ਯੋਗ ਸਮਝੇ ਜਾਂਦੇ ਹਨ ਜਦਕਿ ਇੱਥੇ ਲਗਭਗ 3,66,000 ਪਾਸਪੋਰਟ  ਹਨ। ਜਨਵਰੀ ਤੋਂ, ਬੀ. ਐੱਨ. ਓ. ਅਤੇ ਉਨ੍ਹਾਂ ਦਾ ਨਜ਼ਦੀਕੀ ਪਰਿਵਾਰ ਬ੍ਰਿਟੇਨ ਵਿਚ ਰਹਿਣ, ਕੰਮ ਕਰਨ ਅਤੇ ਅਧਿਐਨ ਕਰਨ ਲਈ 30 ਮਹੀਨੇ ਜਾਂ ਪੰਜ-ਸਾਲਾਂ ਵੀਜ਼ਾ ਲਈ ਅਰਜ਼ੀ ਦੇ ਸਕਦਾ ਹੈ ਅਤੇ ਇਕ ਵਾਰ ਜਦੋਂ ਉਹ ਪੰਜ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਵਿਚ ਰਿਹਾ  ਤਾਂ ਬ੍ਰਿਟਿਸ਼ ਨਾਗਰਿਕਤਾ ਵੀ ਪ੍ਰਾਪਤ ਕਰ ਸਕਦਾ ਹੈ। ਅਰਜ਼ੀ ਦੇਣ ਲਈ ਉਨ੍ਹਾਂ ਨੂੰ ਨੌਕਰੀ ਜਾਂ ਜਾਇਜ਼ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ।  ਉਹ ਆਪਣੀ ਪਛਾਣ  ਲਈ ਮਿਆਦ ਪੁੱਗੇ ਪਾਸਪੋਰਟ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਜ਼ਰੂਰੀ ਲਾਭ ਲੈਣ ਲਈ ਪਹਿਲੇ ਛੇ ਮਹੀਨਿਆਂ ਲਈ ਵਿੱਤੀ, ਮੈਡੀਕਲ ਅਤੇ ਅੰਗਰੇਜ਼ੀ ਭਾਸ਼ਾ ਲਈ ਸਬੂਤ ਦੇਣੇ ਪੈਣਗੇ।


author

Lalita Mam

Content Editor

Related News