ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਲੇਸਟਰ ਦੰਗਿਆਂ ਲਈ ਨਵੇਂ ਪ੍ਰਵਾਸੀਆਂ ਨੂੰ ਠਹਿਰਾਇਆ ਜ਼ਿੰਮੇਵਾਰ
Thursday, Oct 06, 2022 - 05:16 PM (IST)

ਲੰਡਨ (ਭਾਸ਼ਾ)- ਬ੍ਰਿਟੇਨ ਦੀ ਭਾਰਤੀ ਮੂਲ ਦੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਹਾਲ ਹੀ ਵਿਚ ਭਾਰਤ-ਪਾਕਿ ਕ੍ਰਿਕਟ ਮੈਚ ਤੋਂ ਬਾਅਦ ਲੇਸਟਰ ਵਿਚ ਹੋਏ ਦੰਗਿਆਂ ਲਈ ਦੇਸ਼ ਵਿਚ ਬੇ-ਹਿਸਾਬ ਪ੍ਰਵਾਸ ਅਤੇ ਨਵੇਂ ਲੋਕਾਂ ਵਿਚਾਲੇ ਮੇਲਜੋਲ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬ੍ਰੇਵਰਮੈਨ ਨੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਸ਼ਾਮ ਬਰਮਿੰਘਮ ਵਿਚ ਆਯੋਜਿਤ ਕੰਜ਼ਰਵੇਟਿਵ ਪਾਰਟੀ ਦੇ ਸਾਲਾਨਾ ਸੰਮੇਲਨ ਵਿਚ ਪੂਰਬੀ ਇੰਗਲੈਂਡ ਦੇ ਸ਼ਹਿਰ ਲੇਸਟਰ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ, ਜਿੱਥੇ ਪਿਛਲੇ ਮਹੀਨੇ ਹਿੰਦੂ ਅਤੇ ਮੁਸਲਿਮ ਸਮੂਹਾਂ ਵਿਚਾਲੇ ਝੜਪ ਹੋ ਗਈ ਸੀ।
ਸੰਮੇਲਨ ਦੌਰਾਨ ਬ੍ਰੇਵਰਮੈਨ ਨੇ ਕਿਹਾ ਕਿ ਮੈਂ ਹਾਲ ਵਿਚ ਲੇਸਟਰ ਗਈ ਸੀ। ਉਥੇ ਵੱਡੀ ਗਿਣਤੀ ਵਿਚ ਨਵੇਂ ਲੋਕਾਂ ਵਿਚਾਲੇ ਮੇਲਜੋਲ ਦੀ ਕਮੀ ਕਾਰਨ ਦੰਗੇ ਅਤੇ ਨਾਗਰਿਕ ਅਵਿਵਸਥਾ ਪੈਦਾ ਹੋਈ। ਬ੍ਰਿਟੇਨ ਵਿਚ ਇਸ ਤਰ੍ਹਾਂ ਦਾ ਕਾਰੇ ਲਈ ਕੋਈ ਸਥਾਨ ਨਹੀਂ ਹੈ। ਬ੍ਰੇਵਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਕੰਟਰੋਲ ਕਰਨਾ ਨਸਲਵਾਦ ਨਹੀਂ ਹੈ। ਉਨ੍ਹਾਂ ਨੇ ਘੱਟ ਕੁਸ਼ਲ ਕਾਮਿਆਂ ਦੀ ਗਿਣਤੀ ਘੱਟ ਕਰਨ ਦਾ ਵਾਅਦਾ ਕੀਤਾ। ਬ੍ਰੇਵਰਮੈਨ ਨੇ ਦੇਸ਼ ਵਿਚ ਪ੍ਰਵਾਸ ਨੂੰ ਕੰਟਰੋਲ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਸਮਰਥਨ ਕਰਦੇ ਹੋਏ ਆਪਣੀ ਪਰਿਵਾਰਕ ਵਿਰਾਸਤ ਦਾ ਜ਼ਿਕਰ ਕੀਤਾ।