ਯੂਕੇ ਕੋਰਨਵਾਲ ਸਮੁੰਦਰੀ ਕੰਢੇ 'ਤੇ ਕਰੇਗਾ ਜੀ-7 ਸੰਮੇਲਨ ਦੀ ਮੇਜ਼ਬਾਨੀ
Sunday, Jan 17, 2021 - 12:54 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇਸ ਸਾਲ ਜੂਨ ਮਹੀਨੇ ਵਿੱਚ ਹੋਣ ਵਾਲੇ ਜੀ-7 ਸੰਮੇਲਨ ਦੀ ਮੇਜ਼ਬਾਨੀ ਯੂਕੇ ਦੁਆਰਾ ਕੀਤੀ ਜਾਵੇਗੀ। ਇਸ ਮਹੱਤਵਪੂਰਨ ਸੰਮੇਲਨ ਲਈ ਕੋਰਨਵਾਲ ਵਿੱਚ ਕਾਰਬਿਸ ਬੇਅ ਦੇ ਛੋਟੇ ਸਮੁੰਦਰੀ ਕੰਢੇ ਨੂੰ ਚੁਣਿਆ ਗਿਆ ਹੈ। 125 ਏਕੜ ਦੇ ਕਾਰਬਿਸ ਬੇਅ ਅਸਟੇਟ ਵਿੱਚ ਲਗਜ਼ਰੀ ਹੋਟਲ, ਇੱਕ ਅਵਾਰਡ ਜੇਤੂ ਰੈਸਟੋਰੈਂਟ ਅਤੇ ਇੱਕ ਸਪਾ ਵੀ ਸ਼ਾਮਿਲ ਹੈ, ਜੋ ਇਸ ਸੰਮੇਲਨ ਦਾ ਮੁੱਖ ਸਥਾਨ ਹੋਵੇਗਾ ਅਤੇ ਫਲਮਥ ਵਿੱਚ ਰਾਸ਼ਟਰੀ ਮੈਰੀਟਾਈਮ ਅਜਾਇਬ ਘਰ ਕੋਰਨਵਾਲ ਅੰਤਰਰਾਸ਼ਟਰੀ ਮੀਡੀਆ ਦੀ ਮੇਜ਼ਬਾਨੀ ਕਰੇਗਾ। 11 ਤੋਂ 13 ਜੂਨ ਤੱਕ ਹੋਣ ਵਾਲੇ ਇਸ ਸੰਮੇਲਨ ਵਿੱਚ ਜੀ-7 ਦੇ ਦੇਸ਼ਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਯੂਕੇ ਅਤੇ ਜਾਪਾਨ ਦੇ ਨਾਲ ਅਮਰੀਕਾ ਦੇ ਹੋਣ ਵਾਲੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖਬਰ- ਤਾਮਿਲਨਾਡੂ ਦੀ ਪਵਿੱਤਰ ਕੋਲਮ ਰੰਗੋਲੀ ਨਾਲ ਹੋਵੇਗੀ ਬਾਈਡੇਨ-ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ
ਇਸ ਦੇ ਇਲਾਵਾ ਆਸਟ੍ਰੇਲੀਆ, ਭਾਰਤ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਦੇ ਨੇਤਾ ਵੀ ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਨੁਸਾਰ ਕੋਰਨਵਾਲ ਇਸ ਸਿਖਰ ਸੰਮੇਲਨ ਲਈ ਸੰਪੂਰਨ ਸਥਾਨ ਹੈ ਜਿਸ ਵਿੱਚ ਉਦਯੋਗਿਕ ਕ੍ਰਾਂਤੀ, ਕਰਜ਼ੇ, ਮੌਸਮ ਵਿੱਚ ਤਬਦੀਲੀ ਅਤੇ ਕੋਵਿਡ ਆਦਿ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਹਵੇਗਾ। ਇਸ ਦੇ ਨਾਲ ਹੀ ਇਹ ਬੈਠਕ ਕੋਰਨਵਾਲ ਵਿੱਚ ਇੱਕ ਅਨੁਮਾਨ ਅਨੁਸਾਰ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਕੇ ਅਨੁਮਾਨਿਤ 50 ਮਿਲੀਅਨ ਪੌਂਡ ਤੱਕ ਦਾ ਆਰਥਿਕ ਵਾਧਾ ਦੇ ਸਕਦੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੀ-7 ਦੀ ਆਹਮੋ ਸਾਹਮਣੇ ਹੋਣ ਵਾਲੀ ਇਹ ਪਹਿਲੀ ਬੈਠਕ ਹੋਵੇਗੀ ਹੋਵੇਗੀ ਜਦਕਿ ਪਿਛਲੇ ਸਾਲ ਮੈਰੀਲੈਂਡ ਦੇ ਕੈਂਪ ਡੇਵਿਡ ਵਿੱਚ ਹੋਣ ਵਾਲਾ ਇਹ ਸੰਮੇਲਨ ਆਨਲਾਈਨ ਹੋਇਆ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।