ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ

Wednesday, Dec 22, 2021 - 05:21 PM (IST)

ਲੰਡਨ (ਭਾਸ਼ਾ) : ਬ੍ਰਿਟੇਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਦੁਬਈ ਦੇ ਸ਼ਾਸਕ ਨੂੰ ਆਪਣੀ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ 55 ਕਰੋੜ ਪੌਂਡ (ਲਗਭਗ 5500 ਕਰੋੜ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ, ਜੋ ਬ੍ਰਿਟਿਸ਼ ਇਤਿਹਾਸ ਵਿਚ ਸਭ ਤੋਂ ਮਹਿੰਗੇ ਤਲਾਕ ਸਮਝੌਤਿਆਂ ਵਿਚੋਂ ਇਕ ਹੈ। ਹਾਈ ਕੋਰਟ ਨੇ ਕਿਹਾ ਕਿ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਛੇਵੀਂ ਪਤਨੀ, ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਨੂੰ 25.15 ਕਰੋੜ ਪੌਂਡ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਆਪਣੇ ਬੱਚਿਆਂ 14 ਸਾਲਾ ਅਲ ਜਲੀਲਾ ਅਤੇ 9 ਸਾਲਾ ਜਾਇਦ ਨੂੰ 29 ਕਰੋੜ ਪੌਂਡ ਦੀ ਬੈਂਕ ਗਾਰੰਟੀ ਤਹਿਤ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ

ਅਦਾਲਤ ਨੇ ਕਿਹਾ ਕਿ ਬੱਚਿਆਂ ਨੂੰ ਪ੍ਰਾਪਤ ਹੋਣ ਵਾਲੀ ਕੁੱਲ ਰਾਸ਼ੀ 29 ਕਰੋੜ ਪੌਂਡ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਉਹ ਕਿੰਨੇ ਸਮੇਂ ਤੱਕ ਜਿਊਂਦੇ ਰਹਿੰਦੇ ਹਨ ਅਤੇ ਕੀ ਉਹ ਆਪਣੇ ਪਿਤਾ ਨਾਲ ਮੇਲ-ਮਿਲਾਪ ਕਰਦੇ ਹਨ। ਜੱਜ ਫਿਲਿਪ ਮੂਰ ਨੇ ਇਹ ਹੁਕਮ ਪਾਸ ਕੀਤਾ। 37 ਸਾਲਾ ਰਾਜਕੁਮਾਰੀ ਹਯਾ 2019 ਵਿਚ ਦੌੜ ਕੇ ਬ੍ਰਿਟੇਨ ਪੁੱਜੀ ਸੀ ਅਤੇ ਬ੍ਰਿਟਿਸ਼ ਅਦਾਲਤਾਂ ਜ਼ਰੀਏ ਆਪਣੇ 2 ਬੱਚਿਆਂ ਦੀ ਸੁਰੱਖਿਆ ਮੰਗੀ ਸੀ। ਜਾਰਡਨ ਦੇ ਮਰਹੂਮ ਰਾਜਾ ਹੁਸੈਨ ਦੀ ਧੀ ਹਯਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਡਰੀ ਹੋਈ ਸੀ, ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀਆਂ 2 ਧੀਆਂ ਦੀ ਖਾੜੀ ਅਮੀਰਾਤ ਵਿਚ ਜ਼ਬਰਨ ਵਾਪਸੀ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਆਟੋਪਾਇਲਟ ਮੋਡ 'ਤੇ ਚਲਦੀ ਟੇਸਲਾ ਕਾਰ 'ਚ ਹੋਈ ਔਰਤ ਦੀ ਡਿਲਿਵਰੀ, ਬੱਚੇ ਦਾ ਨਾਂ ਰੱਖਿਆ 'ਟੇਸਲਾ ਬੇਬੀ'

ਸ਼ੇਖ਼ ਮੁਹੰਮਦ (72) ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਵੀ ਹਨ। ਬ੍ਰਿਟੇਨ ਦੀ ਇਕ ਪਰਿਵਾਰਕ ਅਦਾਲਤ ਦੇ ਜੱਜ ਨੇ ਅਕਤੂਬਰ ਵਿਚ ਫ਼ੈਸਲਾ ਸੁਣਾਇਆ ਕਿ ਸ਼ੇਖ਼ ਮੁਹੰਮਦ ਨੇ ਕਾਨੂੰਨੀ ਲੜਾਈ ਦੌਰਾਨ ਰਾਜਕੁਮਾਰੀ ਹਯਾ ਦੇ ਫੋਨ ਨੂੰ ਹੈਕ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਸ਼ੇਖ਼ ਮੁਹੰਮਦ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ।

ਇਹ ਵੀ ਪੜ੍ਹੋ : ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News