ਇੰਗਲੈਂਡ ਤੇ ਸਕਾਟਲੈਂਡ ਦੇ ਇਕਾਂਤਵਾਸ ਦੀ 14 ਦਿਨਾ ਸਮਾਂ ਸੀਮਾ ਸੰਬੰਧੀ ਵੱਖੋ-ਵੱਖਰੇ ਰਾਗ
Tuesday, Oct 27, 2020 - 01:22 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਾਇਰਸ ਦੇ ਮਾਮਲਿਆਂ ਨੂੰ ਅੱਗੇ ਹੋਰ ਲੋਕਾਂ ਤੱਕ ਫੈਲਣ ਤੋਂ ਰੋਕਣ ਲਈ ਪੀੜਤ ਵਿਅਕਤੀ ਦਾ ਇਕਾਂਤਵਾਸ ਵਿਚ ਜਾਣਾ ਇਕ ਢੁੱਕਵਾ ਹੱਲ ਹੈ। ਯੂ. ਕੇ. ਵਿਚ ਇਸ ਦੀ ਸਮਾਂ ਸੀਮਾ 14 ਦਿਨ ਦੀ ਹੈ ਅਤੇ ਮੰਤਰੀਆਂ ਵਿਚਕਾਰ ਇਸ ਨੂੰ ਘਟਾਉਣ ਲਈ ਗੱਲਬਾਤ ਹੋ ਰਹੀ ਹੈ। ਇਸ ਮਾਮਲੇ ਵਿੇਚ ਬੋਰਿਸ ਜੌਹਨਸਨ ਅਤੇ ਨਿਕੋਲਾ ਸਟਾਰਜਨ ਨੇ ਕਿਹਾ ਕਿ ਇੰਗਲੈਂਡ ਅਤੇ ਸਕਾਟਲੈਂਡ ਇਸ ਚਰਚਾ ਨੂੰ ਵੱਖ-ਵੱਖ ਨਿਯਮਾਂ ਨਾਲ ਖ਼ਤਮ ਕਰ ਸਕਦੇ ਹਨ। ਡਾਉਨਿੰਗ ਸਟ੍ਰੀਟ ਵਿਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਦੇ ਵਕਫੇ ਵਿਚ ਢਿੱਲ ਦੇਣ ਸੰਬੰਧੀ ਜਾਂਚ ਹੋ ਰਹੀ ਹੈ।
ਮੈਟ ਹੈਨਕਾਕ ਨੇ ਫਰਾਂਸ ਦੀ ਤਰਜ਼ 'ਤੇ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਕਿ ਇਸ ਮਿਆਦ ਨੂੰ ਸੱਤ ਦਿਨਾਂ ਤੱਕ ਘਟਾਇਆ ਜਾ ਸਕਦਾ ਹੈ ਪਰ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਾਰਜਨ ਨੇ ਕਿਹਾ ਕਿ ਉਸ ਦੀ 14 ਦਿਨਾਂ ਦੀ ਮਿਆਦ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਡਾਕਟਰ ਵੀ ਬਿਨਾਂ ਕਿਸੇ ਸਬੂਤ ਤੋਂ ਇਸ ਦੇ ਪੱਖ ਵਿਚ ਨਹੀਂ ਹਨ।
ਸਕਾਟਲੈਂਡ ਦੇ ਰਾਸ਼ਟਰੀ ਕਲੀਨੀਕਲ ਨਿਰਦੇਸ਼ਕ ਜੇਸਨ ਲੀਚ ਅਨੁਸਾਰ ਵੀ ਯੂ. ਕੇ. ਦੇ ਕਿਸੇ ਵੀ ਹਿੱਸੇ ਵਿਚ ਇਸ ਤਰ੍ਹਾਂ ਦੀ ਕੋਈ ਵਿਗਿਆਨਕ ਸਲਾਹ ਮੌਜੂਦ ਨਹੀਂ ਹੈ ਜੋ 14 ਦਿਨਾਂ ਤੋਂ ਘੱਟ ਮਿਆਦ ਦਾ ਸਮਰਥਨ ਕਰਦੀ ਹੈ ਪਰ ਸਿਹਤ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਲਈ ਇਕਾਂਤਵਾਸ ਦੀ ਮਿਆਦ ਨੂੰ ਘਟਾਉਣ ਬਾਰੇ ਫ਼ੈਸਲਾ ਪੂਰੀ ਤਰ੍ਹਾਂ ਵਿਗਿਆਨਕ ਢੰਗ ਨਾਲ ਜਾਂਚ ਨਾਲ ਕੀਤਾ ਜਾਵੇਗਾ।