ਯੂ. ਕੇ. : ਮਈ ਮਹੀਨੇ ਤੋਂ ਬਾਅਦ ਹੁਣ ਫਿਰ ਕੋਰੋਨਾ ਮਾਮਲਿਆਂ ''ਚ ਬੇਹੱਦ ਤੇਜ਼ੀ ਆਈ
Tuesday, Oct 27, 2020 - 07:58 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਰਾਤੋ-ਰਾਤ ਕੋਰੋਨਾ ਵਾਇਰਸ ਦੇ ਤਕਰੀਬਨ 21,000 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦਕਿ 100 ਤੋਂ ਵੱਧ ਮੌਤਾਂ ਹੋਣ ਦਾ ਸਮਾਚਾਰ ਹੈ।
104 ਮੌਤਾਂ ਹੋਣ ਕਰਕੇ 25 ਮਈ ਤੋਂ ਬਾਅਦ ਸੋਮਵਾਰ ਨੂੰ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 44,998 ਹੋ ਚੁੱਕੀ ਹੈ। ਹਾਲਾਂਕਿ ਰਾਸ਼ਟਰੀ ਅੰਕੜਾ ਦਫ਼ਤਰ ਦੁਆਰਾ ਪ੍ਰਕਾਸ਼ਤ ਕੀਤੇ ਗਏ ਵੱਖਰੇ ਅੰਕੜੇ ਦੱਸਦੇ ਹਨ ਕਿ ਹੁਣ ਤੱਕ ਯੂ. ਕੇ. ਵਿਚ 59,000 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਉਹ ਮੌਤਾਂ ਦਾ ਅੰਕੜਾ ਹੈ ਜਿਨ੍ਹਾਂ ਦੇ ਸਰਟੀਫਿਕੇਟ ਉੱਤੇ ਕੋਵਿਡ-19 ਦਾ ਜ਼ਿਕਰ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਪ੍ਰਭਾਵਿਤ ਖੇਤਰਾਂ ਵਿਚ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।