ਯੂ. ਕੇ. ਦੀ ਕੋਰੋਨਾ ''ਆਰ'' ਦਰ ''ਚ ਫਿਰ ਤੋਂ ਹੋਇਆ ਵਾਧਾ
Saturday, Dec 19, 2020 - 09:52 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਕਾਰਨ ਵਾਇਰਸ ਦੇ ਵਾਧੇ ਸੰਬੰਧੀ ਜਾਣਕਾਰੀ ਦੇਣ ਵਾਲੇ R ਨੰਬਰ ਇਕ ਵਾਰ ਘਟਣ ਤੋਂ ਬਾਅਦ ਹੁਣ ਦੁਬਾਰਾ ਫਿਰ ਵੱਧ ਕੇ ਇਕ ਅਨੁਮਾਨ ਅਨੁਸਾਰ 1.1 ਅਤੇ 1.2 ਦੇ ਵਿਚਕਾਰ ਨੋਟ ਕੀਤੇ ਜਾ ਰਹੇ ਹਨ। ਆਰ ਨੰਬਰ ਦੀ ਦਰ ਵਿਚ ਇਸ ਵਾਧੇ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਹੋ ਰਹੀ ਹੈ।
ਯੂ. ਕੇ. ਵਿਚ 6 ਤੋਂ 12 ਦਸੰਬਰ ਦੇ ਵਿਚਕਾਰ ਕੋਰੋਨਾ ਦੇ ਮਾਮਲਿਆਂ ਵਿਚ ਅਨੁਮਾਨਿਤ 6,60,000 ਤੱਕ ਦਾ ਵਾਧਾ ਹੋਇਆ ਹੈ ਅਤੇ ਵਾਇਰਸ ਦਾ ਇਹ ਵਾਧਾ ਲੰਡਨ ਦੇ ਨਾਲ, ਦੱਖਣ-ਪੂਰਬ ਅਤੇ ਪੂਰਬੀ ਮਿਡਲਲੈਂਡਜ਼ ਖੇਤਰਾਂ ਵਿਚ ਜ਼ਿਆਦਾ ਤੇਜ਼ੀ ਨਾਲ ਹੋਇਆ ਹੈ। ਹਾਲਾਂਕਿ ਕੁੱਝ ਖੇਤਰ ਜਿਵੇਂ ਕਿ ਉੱਤਰ ਪੱਛਮ ਅਤੇ ਯੌਰਕਸ਼ਾਇਰ ਵਿਚ ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦਾ ਅਨੁਪਾਤ ਘੱਟ ਵੀ ਹੋ ਰਿਹਾ ਹੈ।
ਪਿਛਲੇ ਹਫ਼ਤੇ ਦੇ ਅੰਕੜਿਆਂ ਅਨੁਸਾਰ ਲਗਭਗ 5,60,000 ਲੋਕ ਪੂਰੇ ਯੂ. ਕੇ. ਵਿਚ ਵਾਇਰਸ ਤੋਂ ਪੀੜਤ ਹੋਏ ਹਨ, ਜਿਸ ਅਨੁਸਾਰ ਇੰਗਲੈਂਡ ਵਿਚ 115 ਲੋਕਾਂ ਵਿਚੋਂ 1, ਸਕਾਟਲੈਂਡ ਦੇ 120 ਵਿੱਚੋਂ ਇਕ, ਵੇਲਜ਼ ਵਿਚ 175 ਪਿੱਛੇ ਇੱਕ ਅਤੇ ਉੱਤਰੀ ਆਇਰਲੈਂਡ ਦੇ 235 ਵਿਚ ਇਕ ਵਿਅਕਤੀ ਵਾਇਰਸ ਪੀੜਤ ਹੋਏ ਹਨ। ਇਸ ਲਈ ਹਫਤਾਵਾਰੀ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਆਰ ਨੰਬਰ ਵੀ ਵਧਿਆ ਹੈ ਜੋ ਕਿ ਮਹਾਮਾਰੀ ਕਿੰਨੀ ਤੇਜ਼ੀ ਨਾਲ ਵੱਧ ਜਾਂ ਘੱਟ ਰਹੀ ਹੈ, ਬਾਰੇ ਜਾਣਕਾਰੀ ਦਿੰਦਾ ਹੈ।