ਕੋਰੋਨਾ ਤੋਂ ਬਚਾਅ ਲਈ ਹਮੇਸ਼ਾ ਘਰਾਂ ''ਚ ਹੀ ਰਹਿਣ ਲੋਕ : ਬ੍ਰਿਟੇਨ ਸਰਕਾਰ
Sunday, Jan 10, 2021 - 09:51 AM (IST)
ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇੰਨੇ ਕੁ ਵੱਧ ਗਏ ਹਨ ਕਿ ਦੇਸ਼ ਨੇ ਤਾਲਾਬੰਦੀ ਲਾਗੂ ਕੀਤੀ ਹੈ। ਕੋਰੋਨਾ ਦਾ ਨਵਾਂ ਸਟ੍ਰੇਨ ਮਿਲਣ ਮਗਰੋਂ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਇਸ ਲਈ ਸਰਕਾਰ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੱਖ-ਵੱਖ ਤਰੀਕੇ ਨਾਲ ਸਮਝਾ ਰਹੀ ਹੈ। ਸਰਕਾਰ ਦੀ ਇਕ ਵਿਗਿਆਪਨ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਮਕਸਦ ਕੋਰੋਨਾ ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣਾ ਹੈ। ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਤੇ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੱਤੀ ਹੈ।
ਸ਼ੁੱਕਰਵਾਰ ਨੂੰ ਇੱਥੇ ਪਾਜ਼ੀਟਿਵ ਟੈਸਟ ਆਉਣ ਦੇ 28 ਦਿਨਾਂ ਅੰਦਰ 1,325 ਮੌਤਾਂ ਦਰਜ ਹੋਈਆਂ ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਇਸ ਦੇ ਨਾਲ ਹੀ ਇੱਥੇ 68,053 ਨਵੇਂ ਮਾਮਲੇ ਦਰਜ ਕੀਤੇ ਗਏ। ਮਾਹਰਾਂ ਨੇ ਖਦਸ਼ਾ ਜਤਾਇਆ ਕਿ ਜੇਕਰ ਇਹ ਹੀ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਇਕ ਦਿਨ ਵਿਚ ਡੇਢ ਲੱਖ ਤੱਕ ਮਾਮਲੇ ਆਉਣੇ ਸ਼ੁਰੂ ਹੋ ਜਾਣ। ਬ੍ਰਿਟੇਨ ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਰਹਿਣ ਜਿਵੇਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।
ਇੰਗਲੈਂਡ ਦੇ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਕ੍ਰਿਸ ਵਿਟੀ ਨੇ ਵੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰਨਾ ਵੈਕਸੀਨ ਭਵਿੱਖ ਲਈ ਇਕ ਉਮੀਦ ਹੈ ਪਰ ਫਿਲਹਾਲ ਸਾਨੂੰ ਸਾਰਿਆਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਐੱਨ. ਐੱਚ. ਐੱਸ. ਨੂੰ ਸੁਰੱਖਿਅਤ ਰੱਖਣ ਅਤੇ ਜ਼ਿੰਦਗੀਆਂ ਬਚਾਉਣ।
ਕੋਰੋਨਾ ਪਾਬੰਦੀਆਂ ਤੋੜਨ ਵਾਲਿਆਂ ਨੂੰ ਸਰਕਾਰ ਭਾਰੀ ਜੁਰਮਾਨੇ ਵੀ ਲਾ ਰਹੀ ਹੈ। ਬੁੱਧਵਾਰ ਨੂੰ ਦੋ ਜਨਾਨੀਆਂ ਨੂੰ ਆਪਣੇ ਘਰ ਤੋਂ 5 ਮੀਲ ਦੂਰ ਸੈਰ ਕਰਨ ਲਈ ਜਾਣ 'ਤੇ 200 ਪੌਂਡ ਦਾ ਜੁਰਮਾਨਾ ਲੱਗਾ ਹੈ।