ਕੋਰੋਨਾ ਦਾ ਕਹਿਰ : ਯੂਕੇ 'ਚ ਕੇਸਾਂ 'ਚ ਗਿਰਾਵਟ ਦੇ ਬਾਵਜੂਦ ਹੋਈਆਂ 1322 ਹੋਰ ਮੌਤਾਂ

02/04/2021 2:27:11 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵਾਇਰਸ ਸੰਬੰਧੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਸੰਬੰਧਿਤ ਲੱਗਭਗ 1,322 ਮੌਤਾਂ ਦਰਜ਼ ਕੀਤੀਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਵਾਇਰਸ ਦੀ ਲਾਗ ਦਾ ਦੇਸ਼ ਵਿੱਚ ਸੁਧਾਰ ਹੁੰਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 19,202 ਹੋਰ ਨਵੇਂ ਕੇਸ ਦਰਜ ਕੀਤੇ ਗਏ ਹਨ ਜੋ ਕਿ ਪਿਛਲੇ ਹਫਤੇ ਦੀ ਲਾਗ ਦੀ ਗਿਣਤੀ ਨਾਲੋਂ 25% ਘੱਟ ਹਨ। 

ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲੇ ਵੀ ਹੁਣ ਤੇਜ਼ੀ ਨਾਲ ਘੱਟ ਰਹੇ ਹਨ, ਜਿਸ ਦੇ ਤਹਿਤ 29 ਜਨਵਰੀ ਨੂੰ ਤਕਰੀਬਨ 6,000 ਤੱਕ ਦਾਖਲੇ ਘਟੇ ਹਨ ਜੋ ਕੇ ਪ੍ਰਤੀ ਹਫਤੇ ਤਕਰੀਬਨ 22.2 ਪ੍ਰਤੀਸ਼ਤ ਦੀ ਦਰ ਨਾਲ ਘੱਟ ਹੋਏ ਹਨ। ਇਸ ਸਮੇਂ ਵਾਇਰਸ ਨੂੰ ਕਾਬੂ ਕਰਨ ਲਈ ਦੇਸ਼ ਵਿੱਚ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਇਸ ਸਮੇਂ ਹੋਰ 374,756 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ,  ਜਿਸ ਨਾਲ ਕੁੱਲ ਮਿਲਾ ਕੇ ਯੂਕੇ ਭਰ ਵਿੱਚ ਤਕਰੀਬਨ 10,021,471 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਗਈ ਹੈ। ਇਸ ਦੇ ਇਲਾਵਾ ਮੰਗਲਵਾਰ ਨੂੰ ਤਕਰੀਬਨ 2,166 ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਵੀ ਦਿੱਤੀ ਗਈ ਹੈ ਅਤੇ ਇਸ ਨਾਲ ਦੇਸ਼ ਵਿੱਚ ਦਿੱਤੀ ਟੀਕੇ ਦੀ ਦੂਜੀ ਖੁਰਾਕ ਦੀ ਕੁੱਲ ਗਿਣਤੀ 498,962 ਹੋ ਗਈ ਹੈ। 

ਕੋਰੋਨਾ ਟੀਕਾਕਰਨ ਸੰਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਯੂਕੇ ਵਿਚ ਰੋਜ਼ਾਨਾ ਦਿੱਤੀ ਜਾਂਦੀ ਟੀਕਿਆਂ ਦੀ ਪਹਿਲੀ ਖੁਰਾਕ ਦੀ ਰੋਜ਼ਾਨਾ ਔਸਤ ਹੁਣ 408,155 ਹੈ। ਜਦਕਿ 15 ਫਰਵਰੀ ਤੱਕ ਸਰਕਾਰ ਦੁਆਰਾ 15 ਮਿਲੀਅਨ ਤੱਕ ਪਹਿਲੀ ਖੁਰਾਕ ਦਾ ਟੀਚਾ ਪੂਰਾ ਕਰਨ ਲਈ ਔਸਤਨ 414,877 ਖੁਰਾਕਾਂ ਹਰ ਰੋਜ਼ ਦੇਣ ਦੀ ਜ਼ਰੂਰਤ ਹੈ। ਦਰਜ ਕੀਤੇ ਗਏ ਨਵੇਂ ਕੇਸ 17,265 ਇੰਗਲੈਂਡ , 504 ਉੱਤਰੀ ਆਇਰਲੈਂਡ, 978 ਸਕਾਟਲੈਂਡ ਅਤੇ 455 ਵੇਲਜ਼ ਵਿੱਚ ਸਾਹਮਣੇ ਆਏ ਹਨ ਅਤੇ ਨਵੀਂਆਂ ਮੌਤਾਂ 1,173 ਇੰਗਲੈਂਡ, 11 ਉੱਤਰੀ ਆਇਰਲੈਂਡ, 88 ਸਕਾਟਲੈਂਡ ਅਤੇ 50 ਵੇਲਜ਼ ਵਿੱਚ ਦਰਜ਼ ਹੋਈਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਏ।


Vandana

Content Editor

Related News