ਬ੍ਰਿਟੇਨ ''ਚ ਪੰਜਾਬੀ ਦੀ ਹੋਈ ਸੀ ਮੌਤ, ਕੰਪਨੀ ਨੂੰ ਲੱਗਾ 3 ਲੱਖ ਪੌਂਡ ਦਾ ਜ਼ੁਰਮਾਨਾ

12/05/2018 2:17:28 PM

ਲੰਡਨ(ਏਜੰਸੀ)— ਬ੍ਰਿਟੇਨ ਦੇ ਇਕ ਜੱਜ ਨੇ ਇਕ ਇੰਜਨੀਅਰਿੰਗ ਕੰਪਨੀ 'ਤੇ ਸੁਰੱਖਿਆ 'ਚ ਹੋਈ ਅਣਗਹਿਲੀ ਕਰਨ ਦੇ ਦੋਸ਼ ਲਗਾਉਂਦੇ ਹੋਏ ਇਕ ਪੰਜਾਬੀ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਭਾਰੀ ਜ਼ੁਰਮਾਨਾ ਲਗਾਇਆ ਹੈ। ਸਥਾਨਕ ਖਬਰਾਂ ਮੁਤਾਬਕ 56 ਸਾਲਾ ਤਰਸੇਮ ਸਿੰਘ ਦੀ ਅਪ੍ਰੈਲ 2016 'ਚ ਨਾਈਲਾਕਾਸਟ ਲਿਮੀਟਡ ਕੰਪਨੀ 'ਚ ਇਕ ਮਸ਼ੀਨ 'ਤੇ ਕੰਮ ਕਰਨ ਦੌਰਾਨ ਮੌਤ ਹੋ ਗਈ ਸੀ, ਜਿਸ ਕਾਰਨ ਕੰਪਨੀ ਨੂੰ ਲਗਭਗ 3 ਲੱਖ ਦਾ ਜ਼ੁਰਮਾਨਾ ਲੱਗਾ ਹੈ।

ਜ਼ਿਲਾ ਜੱਜ ਟਿਮ ਟੈਬਰ ਨੇ ਕੰਪਨੀ 'ਤੇ 2,93,000 ਪੌਂਡ  (ਤਕਰੀਬਨ 2,62,49,553 ਰੁਪਏ) ਦਾ ਜ਼ੁਰਮਾਨਾ ਠੋਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੰਪਨੀ ਨੂੰ 10 ਹਜ਼ਾਰ ਪੌਂਡ (ਤਕਰੀਬਨ 8,95,889 ਰੁਪਏ) ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ। ਹਾਦਸੇ ਸਮੇਂ ਸਿੰਘ ਇਕ ਮਸ਼ੀਨ 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਲੋਹੇ ਦੀ ਇਕ ਰਾਡ ਮਸ਼ੀਨ 'ਚੋਂ ਨਿਕਲ ਕੇ ਜ਼ੋਰ ਨਾਲ ਉਸ ਦੀ ਛਾਤੀ 'ਤੇ ਲੱਗ ਗਈ, ਜਿਸ ਦੇ ਬਾਅਦ ਉਸ ਦੀ ਮੌਤ ਹੋ ਗਈ। ਅਦਾਲਤ ਨੇ ਕਿਹਾ ਕਿ ਰਾਡ ਕੱਢਣ ਲਈ ਕੰਪਨੀ 'ਚ ਸੁਰੱਖਿਆ ਦੇ ਪ੍ਰਬੰਧ ਨਹੀਂ ਸਨ, ਇਸੇ ਕਾਰਨ ਇਹ ਹਾਦਸਾ ਵਾਪਰਿਆ। ਸਿੰਘ ਦੇ 21 ਸਾਲਾ ਪੁੱਤ ਕੁਲਦੀਪ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਉਸ ਦੇ ਪਿਤਾ ਦੀ ਮਦਦ ਲਈ ਬਹੁਤ ਸਾਰੇ ਲੋਕ ਸਾਹਮਣੇ ਆਏ ਸਨ, ਜਿਨ੍ਹਾਂ ਦਾ ਉਹ ਧੰਨਵਾਦੀ ਹੈ।


Related News