UK 'ਚ ਸਕਾਟਲੈਂਡ ਨੇ ਕੀਤੀ ਪਹਿਲ, ਬੱਚਿਆਂ ਨੂੰ ਸਰੀਰਕ ਸਜ਼ਾ ਦੇਣ 'ਤੇ ਲਾਈ ਪਾਬੰਦੀ

11/07/2020 3:23:22 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਮਾਪਿਆਂ 'ਤੇ ਆਪਣੇ ਬੱਚਿਆਂ ਨੂੰ ਸਰੀਰਕ ਸਜ਼ਾ ਦੇਣਾ ਹੁਣ ਅਪਰਾਧ ਮੰਨਿਆ ਜਾਵੇਗਾ। ਇਹ ਕਾਨੂੰਨ ਪਾਸ ਹੋਣ ਨਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਰੀਰਕ ਸਜ਼ਾ ਖਿਲਾਫ਼ ਕਾਨੂੰਨ ਬਣਾ ਕੇ ਸਕਾਟਲੈਂਡ ਯੂ. ਕੇ. ਦਾ ਪਹਿਲਾ ਹਿੱਸਾ ਬਣ ਗਿਆ ਹੈ। ਇਹ ਕਾਨੂੰਨ 7 ਨਵੰਬਰ ਤੋਂ ਅਮਲ 'ਚ ਆਇਆ ਮੰਨਿਆ ਜਾਵੇਗਾ। 

ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਪਹਿਲਾਂ ਆਪਣੇ ਬੱਚਿਆਂ ਨੂੰ ਅਨੁਸ਼ਾਸਤ ਕਰਨ ਲਈ ਸਰੀਰਕ ਤਾਕਤ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਂਦੀ ਸੀ ਤੇ ਇਸ ਨੂੰ ਕੁਝ ਹੱਦ ਤੱਕ "ਵਾਜਬ ਸਜ਼ਾ" ਮੰਨਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਸਵੀਡਨ ਦੁਨੀਆ ਦਾ ਪਹਿਲਾ ਦੇਸ਼ ਸੀ, ਜਿਸ ਨੇ 1979 ਵਿਚ ਘਰ ਵਿਚ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ 'ਤੇ ਪਾਬੰਦੀ ਲਗਾਈ ਸੀ।

 

ਇਹ ਵੀ ਪੜ੍ਹੋ- ਲਾਹੌਰ ਮੈਟਰੋ: ਲੋਕਲ ਨਾਲੋਂ ਚੀਨੀ ਸਟਾਫ਼ ਨੂੰ ਪਾਕਿ ਦੇ ਰਿਹੈ ਤਨਖ਼ਾਹਾਂ ਦੇ ਮੋਟੇ ਗੱਫੇ

 

ਸਕਾਟਲੈਂਡ ਹੁਣ ਅਜਿਹਾ ਕਰਨ ਵਾਲਾ 58ਵਾਂ ਰਾਸ਼ਟਰ ਬਣ ਗਿਆ ਹੈ। ਜਨਵਰੀ ਮਹੀਨੇ ਵੇਲਜ਼ ਯੂ. ਕੇ. ਦਾ ਦੂਜਾ ਹਿੱਸਾ ਬਣਿਆ ਸੀ ਜਿਸ ਨੇ ਲੋਕਾਂ ਨੂੰ ਆਪਣੇ ਬੱਚਿਆਂ ਨਾਲ ਸਰੀਰਕ ਛੇੜਛਾੜ ਕਰਨ 'ਤੇ ਰੋਕ ਲਗਾਉਣ ਵਾਲਾ ਇਕ ਕਾਨੂੰਨ ਪਾਸ ਕੀਤਾ ਸੀ ਪਰ ਇਹ ਕਾਨੂੰਨ 2022 ਵਿੱਚ ਅਮਲ 'ਚ ਆਵੇਗਾ। 2015 ਵਿਚ ਸਕੌਟਿਸ਼ ਬੱਚਿਆਂ ਦੇ ਚੈਰੀਟੀਜ਼ ਦੇ ਸਮੂਹ ਵਲੋਂ ਪ੍ਰਕਾਸ਼ਤ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਯੂ. ਕੇ. ਵਿਚ ਬੱਚਿਆਂ ਦੀ ਸਰੀਰਕ ਸਜ਼ਾ ਅਮਰੀਕਾ, ਕੈਨੇਡਾ, ਇਟਲੀ, ਜਰਮਨੀ ਅਤੇ ਸਵੀਡਨ ਵਰਗੇ ਮੁਲਕਾਂ ਨਾਲੋਂ ਵਧੇਰੇ ਸੀ। ਅਧਿਐਨ ਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਯੂ. ਕੇ. ਵਿਚ 70 ਫੀਸਦੀ ਤੋਂ 80 ਫੀਸਦੀ ਮਾਪਿਆਂ ਨੇ ਸਰੀਰਕ ਸਜ਼ਾ ਦੀ ਵਰਤੋਂ ਕੀਤੀ ਸੀ, ਜਿਸ ਵਿਚ 3 ਤੋਂ 7 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਰਨ ਦੀ ਸੰਭਾਵਨਾ ਹੈ।

ਵਿਸ਼ਵ ਦੇ 50 ਤੋਂ ਵੱਧ ਦੇਸ਼ ਹਨ, ਜਿਨ੍ਹਾਂ ਨੇ ਪਹਿਲਾਂ ਹੀ ਸਰੀਰਕ ਸਜ਼ਾ 'ਤੇ ਪਾਬੰਦੀ ਲਗਾਈ ਹੋਈ ਹੈ। ਚਿਲਡਰਨਜ਼ ਮਨਿਸਟਰ ਮੇਰੀ ਟੋਡ ਦਾ ਕਹਿਣਾ ਹੈ ਕਿ ਅਜੋਕੇ ਅਗਾਂਹਵਧੂ ਯੁੱਗ ਵਿਚ ਬੱਚਿਆਂ ਪ੍ਰਤੀ ਤਾਨਾਸ਼ਾਹੀ ਰਵੱਈਏ ਲਈ ਕੋਈ ਥਾਂ ਨਹੀਂ ਹੈ। ਮੈਨੂੰ ਬੇਹੱਦ ਖੁਸ਼ੀ ਹੈ ਕਿ ਇਸ ਕਾਨੂੰਨ ਕਰਕੇ ਸਕਾਟਲੈਂਡ ਯੂ. ਕੇ. ਭਰ 'ਚੋਂ ਪਹਿਲ ਕਰਨ ਲਈ ਅੱਗੇ ਆਇਆ ਹੈ। ਹੁਣ ਬੱਚੇ ਵੀ ਬਾਲਗਾਂ ਵਾਂਗ ਅਧਿਕਾਰ ਦੇ ਮਾਲਕ ਬਣੇ ਹਨ।


Lalita Mam

Content Editor

Related News