ਯੂ. ਕੇ.: ਬਰਮਿੰਘਮ ਦੇ ਹਸਪਤਾਲ ''ਚ 5 ਘੰਟੇ ਪਈ ਰਹੀ ਮਰੀਜ਼ ਦੀ ਲਾਸ਼
Thursday, Feb 04, 2021 - 03:48 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਨੇ ਹਸਪਤਾਲਾਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਮਰੀਜ਼ਾਂ ਦੀਆਂ ਲਾਸ਼ਾਂ ਵਾਰਡਾਂ ਵਿਚ ਘੰਟਿਆਂ ਪਈਆਂ ਬੱਧੀ ਰਹਿੰਦੀਆਂ ਹਨ। ਅਜਿਹਾ ਇਕ ਮਾਮਲਾ ਬਰਮਿੰਘਮ ਦੇ ਹਸਪਤਾਲ ਵਿਚ ਸਾਹਮਣੇ ਆਇਆ ਹੈ, ਜਿੱਥੇ ਸਟਾਫ਼ ਦੀ ਘਾਟ ਕਾਰਨ ਇਕ ਮਰੇ ਹੋਏ ਮਰੀਜ਼ ਨੂੰ ਪੰਜ ਘੰਟਿਆਂ ਲਈ ਇਕ ਵਾਰਡ ਵਿਚ ਛੱਡਿਆ ਗਿਆ।
ਇਸ ਮਾਮਲੇ ਵਿਚ ਕੇਅਰ ਕੁਆਲਿਟੀ ਕਮਿਸ਼ਨ (ਸੀ ਕਿਯੂ ਸੀ) ਵੱਲੋਂ ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐੱਨ. ਐੱਚ. ਐੱਸ. ਟਰੱਸਟ ਦੇ ਤਿੰਨ ਹਸਪਤਾਲਾਂ ਜਿਨ੍ਹਾਂ ਵਿਚ ਬਰਮਿੰਘਮ ਸਥਿਤ ਮਹਾਰਾਣੀ ਐਲਿਜ਼ਾਬੈਥ ਅਤੇ ਹਾਰਟਲੈਂਡਜ਼ ਹਸਪਤਾਲ ਜਦਕਿ ਸੂਟਨ ਕੋਲਡਫੀਲਡ ਵਿਚ ਗੁੱਡ ਹੋਪ ਹਸਪਤਾਲ ਸ਼ਾਮਲ ਹਨ, ਦਾ ਦਸੰਬਰ ਮਹੀਨੇ ਵਿਚ ਅਚਾਨਕ ਅਣ ਐਲਾਨਿਆ ਦੌਰਾ ਕੀਤਾ ਗਿਆ।
ਇਸ ਦੌਰਾਨ ਸੰਸਥਾ ਦੇ ਇੰਸਪੈਕਟਰਾਂ ਨੇ ਪਾਇਆ ਕਿ ਗੁੱਡ ਹੋਪ ਹਸਪਤਾਲ ਵਿਚ ਮ੍ਰਿਤਕ ਮਰੀਜ਼ਾਂ ਨੂੰ ਸਮੇਂ ਸਿਰ ਵਾਰਡਾਂ ਤੋਂ ਬਾਹਰ ਨਹੀਂ ਨਹੀ ਕੱਢਿਆ ਜਾਂਦਾ ਸੀ। ਇਕ ਮਰੀਜ਼ ਜਿਸ ਦੀ ਮੌਤ ਸਵੇਰੇ 6.45 ਵਜੇ ਹੋਈ ਉਸ ਦੀ ਲਾਸ਼ ਤਕਰੀਬਨ ਪੰਜ ਘੰਟਿਆਂ ਬਾਅਦ 11.35 ਵਜੇ ਵੀ ਵਾਰਡ ਵਿਚ ਮੌਜੂਦ ਸੀ। ਸੰਸਥਾ ਦੀ ਰਿਪੋਰਟ ਨੇ ਇਹ ਸਿੱਟਾ ਕੱਢਿਆ ਕਿ ਹਸਪਤਾਲ ਵਿਚ ਉਚਿਤ ਨਰਸਿੰਗ ਸਟਾਫ਼ ਨਹੀਂ ਸੀ ਅਤੇ ਸਹੀ ਦੇਖਭਾਲ ਤੇ ਇਲਾਜ ਪ੍ਰਦਾਨ ਕਰਨ ਲਈ ਕੁੱਝ ਮਾਮਲਿਆਂ ਵਿਚ ਇਕ ਸਮੇਂ ਇਕ ਨਰਸ ਹੀ ਲਗਭਗ 17 ਮਰੀਜ਼ਾਂ ਲਈ ਜ਼ਿੰਮੇਵਾਰ ਸੀ।