ਯੂ. ਕੇ. ''ਚ ਕੋਰੋਨਾ ਦੇ ਨਾਲ ਸਾਹਮਣੇ ਆਇਆ ਬਰਡ ਫਲੂ ਖ਼ਤਰਾ

Friday, Nov 13, 2020 - 09:14 AM (IST)

ਯੂ. ਕੇ. ''ਚ ਕੋਰੋਨਾ ਦੇ ਨਾਲ ਸਾਹਮਣੇ ਆਇਆ ਬਰਡ ਫਲੂ ਖ਼ਤਰਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਅਜੇ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਹੀ ਰਿਹਾ ਹੈ ਕਿ ਇਸੇ ਦੌਰਾਨ ਇੱਥੇ ਮੁਰਗੀਆਂ ਤੋਂ ਹੋਣ ਵਾਲੇ ਬਰਡ ਫਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੰਗਲੈਂਡ ਵਿਚ ਸਿਰਫ ਇਕ ਹਫ਼ਤੇ ਵਿਚ ਹੀ ਬਰਡ ਫਲੂ ਦੇ ਮਾਮਲੇ ਹੋਣ ਤੋਂ ਬਾਅਦ ਇਸ ਤੀਸਰੇ ਪ੍ਰਕੋਪ ਦਾ ਡਰ ਪੈਦਾ ਹੋ ਗਿਆ ਹੈ।

ਲਿਓਮਿਨਸਟਰ ਨੇੜੇ ਹੇਅਰਫੋਰਡਸ਼ਾਇਰ ਵਿਚ ਹੋਏ ਇਕ ਮਾਮਲੇ ਤੋਂ ਬਾਅਦ 2 ਨਵੰਬਰ ਨੂੰ ਦੋ ਹੋਰ ਮਿਲਣ 'ਤੇ ਕੰਟਰੋਲ ਜ਼ੋਨ ਲਗਾ ਦਿੱਤਾ ਗਿਆ ਹੈ। ਹੇਅਰਫੋਰਡਸ਼ਾਇਰ ਅਤੇ ਚੈਸ਼ਾਇਰ ਵਿਚ H5N8 ਵਾਇਰਸ ਪਾਏ ਜਾਣ ਤੋਂ ਬਾਅਦ ਅਧਿਕਾਰੀ ਤੁਰੰਤ ਐਕਸ਼ਨ ਲੈ ਰਹੇ ਹਨ ਜਦਕਿ ਕੈਂਟ ਵਿਚ H5N2 ਦੀ ਪੁਸ਼ਟੀ ਹੋਈ ਹੈ। ਮਾਹਰਾਂ ਅਨੁਸਾਰ ਬਰਡ ਫਲੂ ਇਕ ਛੂਤ ਦੀ ਕਿਸਮ ਦਾ ਫਲੂ ਹੈ ਜੋ ਪੰਛੀਆਂ ਵਿਚ ਫੈਲਦਾ ਹੈ ਪਰ ਮਨੁੱਖਾਂ ਵਿਚ ਘੱਟ ਫੈਲਦਾ ਹੈ।

ਐੱਨ, ਐੱਚ. ਐੱਸ. ਅਨੁਸਾਰ ਇਹ ਕਦੇ ਵੀ ਮਨੁੱਖਾਂ ਨੂੰ ਸੰਕਰਮਿਤ ਨਹੀਂ ਕਰਦਾ ਪਰ ਇਸ ਦੀਆਂ ਚਾਰ ਕਿਸਮਾਂ ਹਨ ਜੋ ਪਿਛਲੇ ਸਾਲਾਂ ਵਿਚ ਚਿੰਤਾ ਦਾ ਕਾਰਨ ਬਣੀਆਂ ਹਨ। ਇਸ ਬੀਮਾਰੀ ਦਾ ਖ਼ਤਰਾ ਪਿਛਲੇ ਕੁਝ ਹਫਤਿਆਂ ਵਿੱਚ ਪੂਰੇ ਯੂਰਪ ਵਿੱਚ ਫੈਲਣ ਦੀ ਲੜੀ ਤੋਂ ਬਾਅਦ ਇੰਗਲੈਂਡ ਆਇਆ ਹੈ। ਯੂਰਪ ਵਿਚ ਡੱਚ ਦੇ ਸਿਹਤ ਅਧਿਕਾਰੀਆਂ ਨੇ ਉੱਤਰੀ ਪ੍ਰਾਂਤ ਗਰੋਨਿੰਗਨ ਦੇ ਇਕ ਫਾਰਮ ਵਿਚ ਇਸ ਦੇ ਫੈਲਣ ਦੇ ਬਾਅਦ 48,000 ਮੁਰਗੀਆਂ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੌਰਾਨ ਜਰਮਨ ਦੇ ਸ਼ਲੇਸਵਿਗ ਹੋਲਸਟਾਈਨ ਦੇ ਖੇਤਾਂ ਵਿਚ ਵੀ H5N8 ਬਰਡ ਫਲੂ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ।


author

Lalita Mam

Content Editor

Related News