UK ਦੀ ਸਭ ਤੋਂ ਵੱਡੀ ਹਵਾਈ ਕੰਪਨੀ ਹੋਈ ਠੱਪ, ''80 ਲੱਖ'' ਮੁਸਾਫਰਾਂ ''ਚ ਹੜਕੰਪ

03/05/2020 3:48:10 PM

ਲੰਡਨ/ਨਵੀਂ ਦਿੱਲੀ— ਯੂ. ਕੇ. 'ਚ ਹਵਾਈ ਮੁਸਾਫਰਾਂ 'ਚ ਖਲਬਲੀ ਮਚ ਗਈ ਹੈ। ਬ੍ਰਿਟੇਨ ਦੀ ਸਭ ਤੋਂ ਵੱਡੀ ਏਅਰਲਾਈਨ 'ਫਲਾਈਬੇ' ਨੇ ਵੀਰਵਾਰ ਨੂੰ ਆਪਣੇ ਸਾਰੇ ਜਹਾਜ਼ਾਂ ਨੂੰ ਖੜ੍ਹੇ ਕਰਕੇ ਸੰਚਾਲਨ ਬੰਦ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਮੁਸਾਫਰਾਂ ਨੂੰ ਹਵਾਈ ਅੱਡੇ 'ਤੇ ਨਾ ਆਉਣ ਲਈ ਕਿਹਾ ਹੈ। ਫਲਾਈਬੇ ਨਾਲ ਜਿਨ੍ਹਾਂ ਨੇ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਹੁਣ ਹੋਰ ਦੂਜੀ ਕੰਪਨੀ ਨਾਲ ਬਦਲਵੀਂ ਫਲਾਈਟ ਬੁੱਕ ਕਰਨੀ ਹੋਵੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਜੇਕਰ ਤੁਸੀਂ ਫਲਾਈਬੇ ਨਾਲ ਉਡਾਣ ਭਰਨ ਵਾਲੇ ਹੋ, ਕਿਰਪਾ ਕਰਕੇ ਏਅਰਪੋਰਟ 'ਤੇ ਨਾ ਆਇਓ ਜਦੋਂ ਤਕ ਤੁਸੀਂ ਕਿਸੇ ਹੋਰ ਏਅਰਲਾਈਨ ਨਾਲ ਬਦਲਵੀਂ ਉਡਾਣ ਦਾ ਪ੍ਰਬੰਧ ਨਹੀਂ ਕਰ ਲੈਂਦੇ।''

 

ਹਰ ਸਾਲ ਤਕਰੀਬਨ 80 ਲੱਖ ਯਾਤਰੀ 'ਫਲਾਈਬੇ' ਨਾਲ ਬੁਕਿੰਗ 'ਚ ਹਵਾਈ ਸਫਰ ਕਰਦੇ ਸਨ। ਉੱਥੇ ਹੀ, ਭਾਰਤ 'ਚ ਇਸ ਦਾ ਨਿੱਜੀਕਰਨ ਦੇ ਰਸਤੇ 'ਤੇ ਦੌੜ ਰਹੀ ਏਅਰਲਾਈਨ ਏਅਰ ਇੰਡੀਆ ਨਾਲ ਵੀ ਸਾਲ 2016 ਤੋਂ ਕੋਡਸ਼ੇਅਰ ਸਮਝੌਤਾ ਹੈ, ਯਾਨੀ ਇਹ ਯੂਰਪ ਦੀ ਯਾਤਰਾ ਕਰਨ ਵਾਲੇ ਉਨ੍ਹਾਂ ਭਾਰਤੀ ਮੁਸਾਫਰਾਂ ਲਈ ਵੀ ਬੁਰੀ ਖਬਰ ਹੋ ਸਕਦੀ ਹੈ, ਜੋ ਏਅਰ ਇੰਡੀਆ ਦੀ ਮਦਦ ਨਾਲ ਆਸਾਨੀ ਨਾਲ ਫਲਾਈਬੇ 'ਚ ਸੀਟ ਬੁੱਕ ਕਰਵਾ ਲੈਂਦੇ ਸਨ।

ਇਸ ਸਮਝੌਤੇ ਤਹਿਤ ਇਕ ਕੰਪਨੀ ਦੇ ਯਾਤਰੀ ਨੂੰ ਪਾਰਟਨਰ ਏਅਰਲਾਈਨ 'ਚ ਸੀਟ ਬੁੱਕ ਕਰਨ ਦੀ ਸੁਵਿਧਾ ਹੁੰਦੀ ਹੈ। ਯੂ. ਕੇ. ਵੱਲੋਂ ਏਅਰਲਾਈਨ ਨੂੰ ਦੁਬਾਰਾ ਪੈਰਾਂ ਭਾਰ ਖੜ੍ਹੀ ਕਰਨ ਲਈ ਕੋਈ ਉਪਰਾਲਾ ਕੀਤਾ ਜਾਵੇਗਾ ਜਾਂ ਨਹੀਂ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਹੈ। ਓਧਰ ਕੰਪਨੀ ਨੇ ਕਿਹਾ ਕਿ ਹਰ ਕੋਸ਼ਿਸ਼ ਦੇ ਬਾਵਜੂਦ, ਸਾਡੇ ਕੋਲ ਹੁਣ ਕੋਈ ਬਦਲ ਨਹੀਂ ਸੀ। ਇਸ ਲਈ ਸਾਰੇ ਜਹਾਜ਼ ਖੜ੍ਹੇ ਕਰ ਦਿੱਤੇ ਹਨ।

 

2 ਹਜ਼ਾਰ ਲੋਕਾਂ ਦੀ ਨੌਕਰੀ 'ਤੇ ਸੰਕਟ

PunjabKesari
189 ਰੂਟਾਂ ਦੇ ਵੱਡੇ ਨੈੱਟਵਰਕ ਨਾਲ ਮੁੱਖ ਤੌਰ 'ਤੇ ਯੂਨਾਈਟਿਡ ਕਿੰਗਡਮ (ਯੂ. ਕੇ.) ਤੇ ਯੂਰਪ ਦਰਮਿਆਨ ਉਡਾਣਾਂ ਚਲਾਉਣ ਵਾਲੀ ਫਲਾਈਬੇ ਏਅਰਲਾਈਨ ਦੀ ਸਥਾਪਨਾ 1979 'ਚ ਹੋਈ ਸੀ। ਯੂ. ਕੇ. ਸਰਕਾਰ ਵੱਲੋਂ ਮਦਦ ਨਾ ਮਿਲਣ ਕਾਰਨ ਤੇ ਕੋਰੋਨਾਵਾਇਰਸ ਦਾ ਮੰਗ 'ਤੇ ਪ੍ਰਭਾਵ ਪੈਣ ਦੀ ਵਜ੍ਹਾ ਨਾਲ ਕੰਪਨੀ ਨੇ ਓਪਰੇਸ਼ਨ ਠੱਪ ਕਰ ਦਿੱਤਾ ਹੈ। ਇਸ ਨਾਲ ਏਅਰਲਾਈਨ ਦੇ 2,000 ਤੋਂ ਵੱਧ ਲੋਕਾਂ ਦੇ ਰੋਜ਼ਗਾਰ 'ਤੇ ਸੰਕਟ ਦੀ ਤਲਵਾਰ ਲਟਕ ਗਈ ਹੈ। 'ਫਲਾਈਬੇ' ਬੇਲਫਾਸਟ ਸਮੇਤ ਸਾਉਥੈਮਪਟਨ, ਮੈਨਚੇਸਟਰ ਤੇ ਬਰਮਿੰਘਮ ਹਵਾਈ ਅੱਡਿਆਂ 'ਤੇ ਮੋਹਰੀ ਏਅਰਲਾਈਨਾਂ 'ਚੋਂ ਇਕ ਰਹੀ ਹੈ। ਕੰਪਨੀ ਦੀ ਘੋਸ਼ਣਾ ਨਾਲ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਮੁਸਾਫਰਾਂ ਦੀ ਯਾਤਰਾ ਰੱਦ ਹੋ ਗਈ।


Related News