ਯੂਕੇ ''ਚ ਹੋ ਸਕਦੈ ''ਮੌਸਮ ਖਰਾਬ'', ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ

01/31/2021 10:35:55 AM

ਲੰਡਨ (ਰਾਜਵੀਰ ਸਮਰਾ): ਬਰਫੀਲੀਆਂ ਹਵਾਵਾਂ ਅਤੇ ਭਾਰੀ ਮੀਂਹ ਨਾਲ ਯੂਕੇ ਵਾਸੀਆਂ ਦੀਆਂ ਦਿੱਕਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੱਧ ਸਕਦੀਆਂ ਹਨ। ਲੰਡਨ ਅਤੇ ਇੰਗਲੈਂਡ ਦੇ ਦੱਖਣ ਪੂਰਬ ਦੇ ਕੁਝ ਹਿੱਸਿਆਂ ਵਿਚ ਮਾਮੂਲੀ ਤੂਫਾਨ ਦੇ ਨਾਲ-ਨਾਲ ਵੇਲਜ਼ ਦੇ ਵੱਡੇ ਹਿੱਸੇ ਵਿਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਇਸ ਤੋਂ ਇਲਾਵਾ ਯੂਕੇ ਦੇ ਕਈ ਇਲਾਕਿਆਂ ਵਿਚ ਮੀਂਹ ਦੀ ਵੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਸਕਾਟਲੈਂਡ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਨੂੰ 19 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ ਤੇ ਦੱਖਣੀ ਪੱਛਮੀ ਇੰਗਲੈਂਡ ਦੇ ਖੇਤਰਾਂ ਵਿਚ ਲਗਭਗ 30 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਵੇਲਜ਼ ਦੇ ਵੱਡੇ ਹਿੱਸਿਆਂ ਅਤੇ ਇੰਗਲੈਂਡ ਦੇ ਦੱਖਣ ਪੱਛਮ ਦੇ ਕੁਝ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਗਲੋਸਟਰਸ਼ਾਇਰ ਵੀ ਸ਼ਾਮਲ ਹੈ। ਚਿਤਾਵਨੀ ਸ਼ਨੀਵਾਰ ਰਾਤ ਤੱਕ ਲਾਗੂ ਹੈ।

ਪੜ੍ਹੋ ਇਹ ਅਹਿਮ ਖਬਰ- ਜ਼ਬਰਦਸਤ ਆਈ.ਕਿਊ. ਵਾਲੇ ਕਲੱਬ ’ਚ ਸ਼ਾਮਲ ਹੋਈ 4 ਸਾਲ ਦੀ ਬ੍ਰਿਟਿਸ਼ ਸਿੱਖ ਬੱਚੀ

ਇਸ ਦੌਰਾਨ ਕੋਰਨਵਾਲ ਅਤੇ ਡੇਵੋਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜੋ ਹੜ੍ਹਾਂ ਅਤੇ ਆਵਾਜਾਈ ਵਿਚ ਵਿਘਨ ਦੇ ਜੋਖਿਮ ਨੂੰ ਲੈ ਕੇ ਹੈ। ਚਿਤਾਵਨੀ ਸ਼ਨੀਵਾਰ ਰਾਤ ਤੱਕ ਲਈ ਹੈ। ਇਸ ਦੇ ਨਾਲ ਹੀ ਬਰਫ਼ਬਾਰੀ ਲਈ ਇਕ ਵੱਖਰਾ ਯੈਲੋ ਅਸਰਟ ਇੰਗਲੈਂਡ ਦੇ ਉੱਤਰ ਪੂਰਬ ਦੇ ਵੱਡੇ ਹਿੱਸੇ ਅਤੇ ਸਕਾਟਲੈਂਡ ਦੇ ਵੱਡੇ ਹਿੱਸੇ ਲਈ ਜਾਰੀ ਕੀਤੀ ਗਈ ਹੈ। ਇਹ ਚਿਤਾਵਨੀ ਖਾਸ ਕਰ ਕੇ ਡਰਾਈਵਰਾਂ ਲਈ ਜਾਰੀ ਕੀਤੀ ਗਈ ਹੈ।

ਵਾਤਾਵਰਣ ਏਜੰਸੀ ਨੇ ਇੰਗਲੈਂਡ ਵਿਚ ਹੜ੍ਹਾਂ ਦੀਆਂ 74 ਚਿਤਾਵਨੀਆਂ ਅਤੇ 231 ਅਲਰਟ ਜਾਰੀ ਕੀਤੇ ਹਨ, ਜਿਸ ਦਾ ਅਰਥ ਹੈ ਕਿ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਇੰਗਲੈਂਡ ਦੇ ਕਈ ਹਿੱਸਿਆਂ ਵਿਚ ਹੜ੍ਹਾਂ ਦਾ ਆਉਣਾ ਸੰਭਵ ਹੈ। ਵੇਲਜ਼ ਵਿਚ 5 ਹੜ੍ਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਨੋਟ- ਯੂਕੇ ਵਿਚ ਮੌਸਮ ਵਿਭਾਗ ਵੱਲੋਂ ਯੈਲੋ ਐਲਰਟ ਜਾਰੀ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


Vandana

Content Editor

Related News