ਯੂਕੇ: ਵੱਡੀ ਗਿਣਤੀ ''ਚ ਦਰੱਖਤ ਵੱਢਣ ਦੇ ਮਾਮਲੇ ''ਚ 24 ਸਾਲਾ ਨੌਜਵਾਨ ਗ੍ਰਿਫ਼ਤਾਰ

Saturday, Apr 24, 2021 - 06:46 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਮਹੀਨੇ ਯੂਕੇ ਦੇ ਸਰੀ ਵਿਚ ਕਿਸੇ ਅਣਜਾਣ ਵਿਅਕਤੀ ਵੱਲੋਂ ਦਰਜਨਾਂ ਦਰੱਖਤ ਵੱਢਣ ਦੀ ਘਟਨਾ ਵਾਪਰੀ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਇਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਵੈਨ ਵਿਚੋਂ ਇਕ ਚੇਨਸਾਅ (ਆਰਾ) ਵੀ ਬਰਾਮਦ ਕੀਤਾ ਗਿਆ ਹੈ।

21 ਮਾਰਚ ਨੂੰ ਐਲਬਰ ਬ੍ਰਿਜ, ਸਰੀ ਦੇ ਵਾਲਟਨ-ਆਨ-ਥੈਮਜ਼ ਅਤੇ ਵੇਅਬ੍ਰਿਜ ਵਿਚਾਲੇ, ਵੱਢੇ ਹੋਏ ਰੁੱਖਾਂ ਦੀ ਕਤਾਰ ਦੇਖ ਕੇ ਕੌਂਸਲ ਦੇ ਅਧਿਕਾਰੀ ਅਤੇ ਪੁਲਸ ਅਧਿਕਾਰੀ ਹੈਰਾਨ ਰਹਿ ਗਏ ਸਨ। ਲਗਭਗ 50 ਤੋਂ 60 ਰੁੱਖ ,ਜਿਹਨਾਂ ਵਿਚੋਂ ਬਹੁਤ ਸਾਰੇ 20 ਫੁੱਟ ਤੋਂ ਵੱਧ ਉੱਚੇ ਸਨ, ਨੂੰ ਵੱਢਿਆ ਗਿਆ ਸੀ। ਕੁੱਝ ਰੁੱਖ ਖ਼ਾਸਕਰ ਮਰਨ ਵਾਲਿਆਂ ਦੀ ਯਾਦ ਵਿਚ ਉਗਾਏ ਗਏ ਸਨ, ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹਨਾਂ ਦੀ ਸੰਭਾਲ ਲਈ ਕੌਂਸਲ ਨੇ ਸੈਂਕੜੇ ਪੌਂਡ ਖਰਚੇ ਸਨ।

ਇਸ ਮਾਮਲੇ ਨੂੰ ਸੁਲਝਾਉਣ ਲਈ ਸਥਾਨਕ ਨਿਵਾਸੀਆਂ ਦੀ ਮਦਦ, ਰਾਤ ਦੇ ਸਮੇਂ ਗਸ਼ਤ ਵਧਾਉਣ ਅਤੇ ਸੀ. ਸੀ. ਟੀ. ਵੀ. ਫੁਟੇਜਾਂ ਦੇ ਬਾਵਜੂਦ, ਪੁਲਸ ਨੂੰ ਸ਼ੱਕੀ ਨੌਜਵਾਨ ਨੂੰ ਫੜਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਇਕ ਬਿਆਨ ਵਿਚ ਸਰੀ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਨੇ ਇਕ 24 ਸਾਲਾ ਨੌਜਵਾਨ ਨੂੰ ਇਸ ਅਪਰਾਧਕ ਨੁਕਸਾਨ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਲੋਕਾਂ ਦੀ ਮਦਦ ਨਾਲ ਸੂਚਨਾ ਮਿਲਣ 'ਤੇ ਵੀਰਵਾਰ ਰਾਤ ਨੂੰ ਇਕ ਸ਼ੱਕੀ ਵਾਹਨ ਨੂੰ ਰੋਕਿਆ। ਉਸ ਨੌਜਵਾਨ ਦੀ ਕਾਰ ਅਤੇ ਘਰ ਦੇ ਪਤੇ 'ਤੇ ਕੀਤੀ ਜਾਂਚ ਵਿਚ ਕਈ ਚੈਨਸਾਅ ਅਤੇ ਲੱਕੜ ਦੇ ਟੁਕੜੇ ਮਿਲੇ। ਉਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਹਿਰਾਸਤ ਵਿਚ ਹੈ।


cherry

Content Editor

Related News