ਬ੍ਰਿਟੇਨ: ਪ੍ਰਯੋਗਸ਼ਾਲਾ ਦੀ ਗਲਤੀ ਕਾਰਨ ਹਜ਼ਾਰਾਂ ਲੋਕਾਂ ਦੀ ਕੋਵਿਡ-19 ਰਿਪੋਰਟ ਆਈ ਨੈਗੇਟਿਵ
Friday, Oct 15, 2021 - 06:26 PM (IST)
ਲੰਡਨ (ਏਪੀ): ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਪ੍ਰਾਈਵੇਟ ਪ੍ਰਯੋਗਸ਼ਾਲਾ ਵਿੱਚ ਸਮੱਸਿਆ ਆਉਣ ਕਾਰਨ 43,000 ਲੋਕਾਂ ਨੂੰ ਗਲਤ ਕੋਵਿਡ ਟੈਸਟ ਰਿਪੋਰਟ ਦਿੱਤੀ ਗਈ ਸੀ। ਇਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਉਹ ਸੰਕਰਮਿਤ ਨਹੀਂ ਹਨ। ਬ੍ਰਿਟਿਸ਼ ਸਿਹਤ ਸੁਰੱਖਿਆ ਏਜੰਸੀ ਨੇ ਕਿਹਾ ਕਿ ਗਲਤ ਨੈਗੇਟਿਵ ਰਿਪੋਰਟ ਕਾਰਨ ਮੱਧ ਇੰਗਲੈਂਡ ਦੇ ਵੋਲਵਰਹੈਂਪਟਨ ਵਿੱਚ ਇਮੇਨਸਾ ਹੈਲਥ ਕਲੀਨਿਕਸ ਲਿਮਟਿਡ ਨਾਮ ਦੀ ਇੱਕ ਪ੍ਰਯੋਗਸ਼ਾਲਾ ਨੇ ਨਮੂਨਿਆਂ ਦੀ ਜਾਂਚ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਹੈ।
ਪਬਲਿਕ ਹੈਲਥ ਏਜੰਸੀ ਦੇ ਡਾਇਰੈਕਟਰ ਨੇ ਕਿਹਾ ਕਿ ਉਹ ਲੈਬਾਰਟਰੀ ਜਾਂਚ ਵਿਚ ਟੈਸਟ ਗਲਤ ਰਿਪੋਰਟਾਂ ਆਉਣ ਦੀ ਤਕਨੀਕੀ ਖਾਮੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਯੋਗਸ਼ਾਲਾ ਦੀ ਇਹ ਖਰਾਬੀ ਉਸ ਸਮੇਂ ਸਾਹਮਣੇ ਆਈ, ਜਦੋਂ ਕੁਝ ਲੋਕ ਐਂਟੀਜੇਨ ਟੈਸਟ ਵਿੱਚ ਸੰਕਰਮਿਤ ਪਾਏ ਗਏ ਜਦੋਂ ਕਿ ਸਹੀ ਮੰਨੀ ਜਾਣ ਵਾਲੀ ਆਰਟੀ-ਪੀਸੀਆਰ ਜਾਂਚ ਵਿਚ ਉਹਨਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਸਿਹਤ ਏਜੰਸੀ ਨੇ ਕਿਹਾ, “ਪ੍ਰਯੋਗਸ਼ਾਲਾ ਜ਼ਰੀਏ ਲਗਭਗ ਚਾਰ ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰਿਪੋਰਟਾਂ ਨੈਗੇਟਿਵ ਆਈਆਂ ਪਰ ਅੰਦਾਜ਼ਾ ਲਗਾਇਆ ਗਿਆ ਹੈ ਕਿ 43 ਹਜ਼ਾਰ ਲੋਕਾਂ ਦੀ ਗਲਤ ਨੈਗੇਟਿਵ ਰਿਪੋਰਟ ਆਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ ਪੱਛਮੀ ਇੰਗਲੈਂਡ ਦੇ ਵਸਨੀਕ ਹਨ।
ਪੜ੍ਹੋ ਇਹ ਅਹਿਮ ਖਬਰ - ਫਿਲੀਪੀਨਜ਼ ਨੇ ਦਿੱਤੀ ਵੱਡੀ ਰਾਹਤ, ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ ਮਿਆਦ ਕੀਤੀ ਖ਼ਤਮ
ਏਜੰਸੀ ਨੇ ਕਿਹਾ ਕਿ ਗਲਤ ਰਿਪੋਰਟ 8 ਸਤੰਬਰ ਤੋਂ 12 ਅਕਤੂਬਰ ਦਰਮਿਆਨ ਕੀਤੀ ਗਈ ਜਾਂਚ ਦੀ ਜਾਰੀ ਹੋਈ ਸੀ। ਏਜੰਸੀ ਨੇ ਕਿਹਾ ਕਿ "ਇਹ ਇੱਕ ਪ੍ਰਯੋਗਸ਼ਾਲਾ ਦੀ ਘਟਨਾ ਹੈ ਅਤੇ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੂਜਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।" ਗੌਰਤਲਬ ਹੈ ਕਿ ਬ੍ਰਿਟਿਸ਼ ਸਰਕਾਰ ਨੇ ਕੋਵਿਡ-19 ਜਾਂਚ ਲਈ ਪਿਛਲੇ ਸਾਲ ਅਕਤੂਬਰ ਵਿੱਚ ਇਮੇਂਸਾ ਨੂੰ 163 ਮਿਲੀਅਨ ਡਾਲਰ ਦਾ ਇਕਰਾਰਨਾਮਾ ਦਿੱਤਾ ਸੀ। ਕੰਪਨੀ ਦੇ ਮੁੱਖ ਕਾਰਜਕਾਰੀ, ਐਂਡਰੀਆ ਰਿਪੋਸਤੀ ਨੇ ਕਿਹਾ ਕਿ ਕੰਪਨੀ ਬ੍ਰਿਟਿਸ਼ ਸਿਹਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।