ਯੂ. ਕੇ. : ਸਰਕਾਰ ਨੈਸ਼ਨਲ ਹੈਲਥ ਸਰਵਿਸ ਨੂੰ ਇਸ ਕੰਮ ਲਈ ਦੇਵੇਗੀ 160 ਮਿਲੀਅਨ ਪੌਂਡ
Thursday, May 13, 2021 - 12:36 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਭੀੜ ਅਤੇ ਇਲਾਜ ਕਰ ਕੇ ਪੈਦਾ ਹੋਏ ਇਲਾਜਾਂ ਦੇ ਵੱਡੇ ਬੈਕਲਾਗ ਨਾਲ ਨਜਿੱਠਣ ਅਤੇ ਬੀਮਾਰੀਆਂ ਦੀ ਪਛਾਣ ਕਰਨ ਲਈ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਸ.) ਨੂੰ 160 ਮਿਲੀਅਨ ਪੌਂਡ ਦਿੱਤੇ ਜਾਣਗੇ। ਇਸ ਕਦਮ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਡਾਇਗਨੋਸਟਿਕ ਟੈਸਟਾਂ ਅਤੇ ਸਰਜਰੀ ਲਈ ਤੇਜ਼ੀ ਨਾਲ ਸਹੂਲਤ ਮਿਲੇਗੀ। ਹਸਪਤਾਲ ਇਸ ਪੈਸੇ ਦੀ ਵਰਤੋਂ ਮੋਬਾਇਲ ਸੀ. ਟੀ. ਅਤੇ ਐੱਮ. ਆਰ. ਆਈ. ਸਕੈਨ ਕਰਨ ਵਾਲੇ ਉਪਕਰਣਾਂ ਲਈ ਕਰਨਗੇ। ਇਸ ਦੇ ਨਾਲ ਹੀ ਸ਼ਾਮ ਦੇ ਸਮੇਂ ਅਤੇ ਹਫਤੇ ਦੇ ਅਖੀਰ ਵਿਚ ਵਾਧੂ ਸਰਜਰੀ ਕਰਨ ਦੇ ਨਾਲ ਵਰਚੁਅਲ ਵਾਰਡਾਂ ’ਚ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਵੇਗੀ।
ਇਸ ਕਦਮ ਦਾ ਉਦੇਸ਼ ਹਸਪਤਾਲਾਂ ’ਚ ਇਲਾਜ ਲਈ ਮਰੀਜ਼ਾਂ ਦੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣਾ ਹੈ। ਐੱਨ. ਐੱਚ. ਐੱਸ. ਇੰਗਲੈਂਡ ਨੇ ਦੇਸ਼ ਦੇ 12 ਹਿੱਸਿਆਂ ਵਿੱਚ ਇਕੱਠੇ ਕੰਮ ਕਰਨ ਵਾਲੇ ਐੱਨ. ਐੱਚ. ਐੱਸ. ਟਰੱਸਟਾਂ ਦੇ ਸਮੂਹਾਂ ਨੂੰ ‘ਚੋਣਵੇਂ ਐਕਸਰਲੇਟਰ’ ਵਜੋਂ ਨਾਮਜ਼ਦ ਕੀਤਾ ਹੈ ਅਤੇ ਹਰੇਕ ਨੂੰ 20 ਮਿਲੀਅਨ ਪੌਂਡ ਤੱਕ ਦਿੱਤਾ ਜਾਵੇਗਾ। ਜੇਕਰ ਉਹ 20 ਫੀਸਦੀ ਵਧੇਰੇ ਯੋਜਨਾਬੱਧ ਗਤੀਵਿਧੀਆਂ, ਜਿਵੇਂ ਕਿ ਡਾਇਗਨੋਸਟਿਕ ਟੈਸਟਾਂ, ਆਪਰੇਸ਼ਨਾਂ ਅਤੇ ਬਾਹਰੀ ਮਰੀਜ਼ਾਂ ਦੀਆਂ ਮੁਲਾਕਾਤਾਂ ਆਦਿ ਕਰਵਾਉਂਦੇ ਹਨ। ਵੀਰਵਾਰ ਦੇ ਐੱਨ. ਐੱਚ. ਐੱਸ. ਇੰਗਲੈਂਡ ਦੇ ਮਹੀਨਾਵਾਰ ਕਾਰਗੁਜ਼ਾਰੀ ਦੇ ਅੰਕੜਿਆਂ ਅਨੁਸਾਰ ਇਲਾਜ ਦੀ ਉਡੀਕ ਸੂਚੀ ’ਚ ਸ਼ਾਮਿਲ ਲੋਕਾਂ ਦੀ ਕੁੱਲ ਗਿਣਤੀ 4.7 ਮਿਲੀਅਨ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚੋਂ ਕੁਝ ਪੈਸੇ ਪ੍ਰਾਈਵੇਟ ਹਸਪਤਾਲਾਂ ਨੂੰ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਅਦਾ ਕਰਨ ਲਈ ਵੀ ਵਰਤੇ ਜਾਣਗੇ, ਜੋ ਐੱਨ. ਐੱਚ. ਐੱਸ. ਦੇ ਇਲਾਜ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਜਾਂ ਜੋ ਜ਼ਿਆਦਾ ਗੰਭੀਰ ਹਨ।