ਬ੍ਰਿਟੇਨ : ਪੰਜਾਬੀ ਡਾਕਟਰ ਨੇ ਕੀਤੀ ਨਿਯਮਾਂ ਦੀ ਉਲੰਘਣਾ

Saturday, Apr 06, 2019 - 11:52 PM (IST)

ਬ੍ਰਿਟੇਨ : ਪੰਜਾਬੀ ਡਾਕਟਰ ਨੇ ਕੀਤੀ ਨਿਯਮਾਂ ਦੀ ਉਲੰਘਣਾ

ਲੰਡਨ (ਰਾਜਵੀਰ ਸਮਰਾ)-ਔਰਤਾਂ ਦੀ ਸਰੀਰਕ ਦਿੱਖ ਨੂੰ ਖੂਬਸੂਰਤ ਬਣਾਉਣ 'ਚ ਮਾਹਿਰ ਪੰਜਾਬੀ ਡਾਕਟਰ ਡਾ. ਕਮਲਜੀਤ ਸਿੰਘ ਨੂੰ ਪੇਸ਼ੇ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ। ਮੈਡੀਕਲ ਪ੍ਰੈਕਟਿਸ਼ਨ ਟ੍ਰਿਬਿਊਨਲ 'ਚ ਦੱਸਿਆ ਗਿਆ ਕਿ ਲੈਸਟਰ ਵਿਖੇ ਬਿਊਟੀ ਫਸਟ ਕਲੀਨਿਕ ਚਲਾਉਂਦੇ 53 ਸਾਲਾ ਡਾ. ਕਮਲਜੀਤ ਸਿੰਘ ਉਰਫ਼ ਕੈਮ ਸਿੰਘ ਨੇ ਪੇਟ 'ਚੋਂ ਵਾਧੂ ਚਰਬੀ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਸੂਈਆਂ ਇਕ ਮਹਿਲਾ ਨੂੰ ਡਾਕ ਰਾਹੀਂ ਭੇਜ ਦਿੱਤੀਆਂ ਸਨ, ਜਿਸ ਨੂੰ ਸੂਈਆਂ ਦੀ ਵਰਤੋਂ ਕਰਨਾ ਵੀ ਨਹੀਂ ਸੀ ਆਉਂਦਾ। ਟ੍ਰਿਬਿਊਨਲ 'ਚ ਪੇਸ਼ੀ ਮੌਕੇ ਦੱਸਿਆ ਗਿਆ ਕਿ ਮਾਨਚੈਸਟਰ ਵਿਖੇ ਰਹਿਣ ਵਾਲੀ ਔਰਤ ਨੇ ਡਾ. ਕੈਮ ਸਿੰਘ ਨੂੰ ਸੂਈਆਂ ਡਾਕ ਰਾਹੀਂ ਭੇਜਣ ਦੀ ਬੇਨਤੀ ਕੀਤੀ ਸੀ ਕਿਉਂਕਿ ਉਹ 100 ਮੀਲ ਦੂਰ ਤੋਂ ਡਰਾਈਵਿੰਗ ਕਰ ਕੇ ਲੈਸਟਰ ਨਹੀਂ ਸੀ ਆਉਣਾ ਚਾਹੁੰਦੀ।

ਇਨ੍ਹਾਂ ਸੂਈਆਂ ਦੀ ਵਰਤੋਂ ਨਾਲ ਭਾਵੇਂ ਉਕਤ ਔਰਤ ਨੂੰ ਨਾ ਤਾਂ ਲਾਭ ਹੋਇਆ ਅਤੇ ਨਾ ਹੀ ਕੋਈ ਨੁਕਸਾਨ ਪੁੱਜਾ, ਪਰ ਉਹ ਪ੍ਰੇਸ਼ਾਨ ਹੋ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਹੋਣ ਬਾਅਦ ਡਾਕਟਰ ਕੈਮ ਨੇ ਖ਼ੁਦ ਮੈਡੀਕਲ ਜਨਰਲ ਕੌਂਸਲ ਨੂੰ ਦੱਸਿਆ ਕਿ ਉਸ ਵਲੋਂ ਦਿੱਤੀਆਂ ਸੂਈਆਂ ਮਰੀਜ਼ ਗ਼ਲਤ ਇਸਤੇਮਾਲ ਵੀ ਕਰ ਸਕਦਾ ਹੈ। ਡਾਕਟਰ ਕੈਮ ਜੋ ਖ਼ੁਦ ਲੈਸਟਰ ਦੇ ਥਾਮਸਟਨ ਮੈਡੀਕਲ ਸੈਂਟਰ 'ਚ ਆਪਣੀਆਂ ਸੇਵਾਵਾਂ ਦਿੰਦਾ ਹੈ, ਨੇ ਕਿਹਾ ਕਿ ਇਸ ਪੁਰਾਣੀ ਘਟਨਾ ਸਬੰਧੀ ਮਰੀਜ਼ ਔਰਤ ਨੇ ਉਸ ਨਾਲ ਕੋਈ ਸ਼ਿਕਾਇਤ ਸਾਂਝੀ ਨਹੀਂ ਕੀਤੀ ਪਰ ਪੈਨਲ ਦੇ ਚੇਅਰਮੈਨ ਰੋਬਿਨ ਇੰਸ ਨੇ ਕਿਹਾ ਕਿ ਜੋ ਕੰਮ ਡਾਕਟਰ ਕਰ ਸਕਦਾ ਹੈ ਉਹ ਕੰਮ ਮਰੀਜ਼ ਖ਼ੁਦ ਨਹੀਂ ਕਰ ਸਕਦਾ ਅਤੇ ਉਸ ਵਲੋਂ ਡਾਕ ਰਾਹੀਂ ਆਪਣੀ ਮਰੀਜ਼ ਨੂੰ ਭੇਜੀਆਂ ਸੂਈਆਂ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦੀਆਂ ਸਨ।

ਟ੍ਰਿਬਿਊਨਲ ਨੇ 6 ਸਾਲ ਪਹਿਲਾਂ ਦੇ ਇਸ ਕੇਸ ਸਬੰਧੀ ਡਾ. ਕਮਲਜੀਤ ਸਿੰਘ ਨੂੰ ਅਣਗਹਿਲੀ ਅਤੇ ਗੈਰ ਜ਼ਿੰਮੇਵਾਰਾਨਾ ਵਤੀਰਾ ਅਖ਼ਤਿਆਰ ਕੀਤੇ ਜਾਣ 'ਤੇ ਦੋਸ਼ੀ ਕਰਾਰ ਦਿੱਤਾ ਹੈ, ਜਿਸ ਦਾ ਫ਼ੈਸਲਾ ਬਾਅਦ 'ਚ ਕੀਤਾ ਜਾਵੇਗਾ। ਡਾ. ਕਮਲਜੀਤ ਸਿੰਘ ਨੇ ਉਕਤ ਘਟਨਾ ਬਾਰੇ ਮੁਆਫ਼ੀ ਮੰਗੀ ਹੈ। ਜ਼ਿਕਰਯੋਗ ਹੈ ਕਿ ਡਾ. ਕਮਲਜੀਤ ਸਿੰਘ ਵਲੋਂ ਯੂ.ਕੇ. ਦੇ ਬਿਗ ਬ੍ਰਦਰਜ਼ ਸ਼ੋਅ ਦੀ ਬਹੁ ਚਰਚਿਤ ਜੈੱਡ ਗੁੱਡੀ ਸਮੇਤ ਕਈ ਮਸ਼ਹੂਰ ਹਸਤੀਆਂ ਦਾ ਸਫਲ ਇਲਾਜ ਕੀਤਾ ਹੈ।


author

Sunny Mehra

Content Editor

Related News