ਯੂਕੇ: ਪ੍ਰਿੰਸ ਫਿਲਿਪ ਦੀ ਯਾਦ ''ਚ ਨਵਾਂ 5 ਪੌਂਡ ਦਾ ਸਿੱਕਾ ਜਾਰੀ

Saturday, Jun 26, 2021 - 02:18 PM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਜੀਵਨ ਨੂੰ ਸਮਰਪਿਤ ਇਕ ਨਵਾਂ ਵਿਸ਼ੇਸ਼ 5 ਪੌਂਡ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਫਿਲਿਪ ਦੇ ਅਸਲ ਚਿੱਤਰ ਵਾਲੇ ਇਸ ਸਿੱਕੇ ਨੂੰ ਇਸ ਸਾਲ ਅਪ੍ਰੈਲ ਵਿਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਡਿਊਕ ਵੱਲੋਂ ਹੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਨੂੰ ਸ਼ਨੀਵਾਰ ਨੂੰ ਆਰਮਡ ਫੋਰਸਿਜ਼ ਡੇਅ 'ਤੇ ਜਾਰੀ ਕੀਤਾ ਹੈ।

ਚਾਂਸਲਰ ਰਿਸ਼ੀ ਸੁਨਕ ਅਨੁਸਾਰ ਇਹ ਸਿੱਕਾ ਐਡਿਨਬਰਾ ਦੇ ਡਿਊਕ ਲਈ ਇਕ ਢੁੱਕਵੀਂ ਸ਼ਰਧਾਂਜਲੀ ਹੈ। ਯੂਕੇ ਦੇ ਖਜ਼ਾਨਾ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਹ ਸਿੱਕਾ ਰਾਇਲ ਟਕਸਾਲ ਅਧੀਨ ਹੋਵੇਗਾ ਅਤੇ ਇਸ ਦੀ ਵੈਬਸਾਈਟ ਤੋਂ ਇਲਾਵਾ ਯੂਕੇ ਦੇ ਡਾਕਘਰਾਂ, ਰਾਸ਼ਟਰਮੰਡਲ ਅਤੇ ਦੁਨੀਆ ਭਰ ਦੇ ਵਿਸ਼ੇਸ਼ ਸਟਾਕਿਸਟਾਂ ਵੱਲੋਂ ਉਪਲੱਬਧ ਹੋਵੇਗਾ। ਇਸ ਦੇ ਇਲਾਵਾ ਰਾਇਲ ਟਕਸਾਲ ਵੱਲੋਂ ਯੂਕੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੇ ਕਮਿਊਨਿਟੀ ਕੰਮਾਂ ਲਈ ਸਹਾਇਤਾ ਵਜੋਂ ਡਿਊਕ ਆਫ ਐਡਿਨਬਰਾ ਦੇ ਐਵਾਰਡ ਤਹਿਤ 50,000 ਪੌਂਡ ਦਾ ਦਾਨ ਵੀ ਕੀਤਾ ਜਾਵੇਗਾ।

ਪ੍ਰਿੰਸ ਫਿਲਿਪ ਨੇ ਵੀ 47 ਸਾਲਾਂ ਤੱਕ ਰਾਇਲ ਟਕਸਾਲ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ। ਇਸ ਸਿੱਕੇ ਨੂੰ ਇਆਨ ਰੈਂਕ-ਬ੍ਰੌਡਲੀ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ, ਜਿਸ 'ਤੇ "ਐੱਚ ਆਰ ਐੱਚ ਦਿ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ 1921-2021" ਲਿਖਿਆ ਹੋਇਆ ਹੈ। ਖਜ਼ਾਨੇ ਅਨੁਸਾਰ ਇਹ ਸਿੱਕਾ ਕਾਨੂੰਨੀ ਟੈਂਡਰ ਹੈ। ਇਸ ਨੂੰ ਸੀਮਤ ਸੰਸਕਰਣ, ਇਕੱਠੇ ਕਰਨ ਯੋਗ ਜਾਂ ਗਿਫ਼ਟ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਆਮ ਵਰਤੋਂ ਲਈ ਨਹੀਂ ਹੋਵੇਗਾ।


cherry

Content Editor

Related News