ਯੂਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਮਿਆਂਮਾਰ ਦੇ ਅਧਿਕਾਰੀਆਂ ''ਤੇ ਲਗਾਏਗਾ ਪਾਬੰਦੀਆਂ
Friday, Feb 19, 2021 - 01:56 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵੱਲੋਂ ਮਿਆਂਮਾਰ ਵਿੱਚ ਮਨੁੱਖੀ ਆਧਿਕਾਰਾਂ ਦੀ ਉਲੰਘਣਾ ਕਰਨ ਲਈ ਤਿੰਨ ਫੌਜ਼ ਨਾਲ ਸੰਬੰਧਿਤ ਅਧਿਕਾਰੀਆਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਸੰਬੰਧੀ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਮਿਆਂਮਾਰ ਦੇਸ਼ ਦੀ ਸੈਨਿਕ ਬਗਾਵਤ ਦੇ ਮੱਦੇਨਜ਼ਰ ਇਹ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।
ਵਿਦੇਸ਼ ਸਕੱਤਰ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਮਿਆਂਮਾਰ ਦੇ ਤਿੰਨ ਸੀਨੀਅਰ ਜਰਨੈਲਾਂ ਉੱਤੇ ਪਾਬੰਦੀਆਂ ਦੇ ਉਪਾਅ ਲਾਗੂ ਕੀਤੇ ਜਾਣਗੇ। ਇਸ ਸਥਿਤੀ ਕਾਰਨ ਯੂਕੇ ਦੇ ਵਿਦੇਸ਼ ਵਿਭਾਗ ਦੇ ਦਫਤਰ ਨੇ ਵੀ ਮਿਆਂਮਾਰ ਦੀ ਫੌਜ ਨਾਲ ਕੰਮ ਕਰ ਰਹੇ ਯੂਕੇ ਕਾਰੋਬਾਰਾਂ ਨੂੰ ਰੋਕਣ ਦੀ ਵੀ ਘੋਸ਼ਣਾ ਕੀਤੀ ਹੈ। ਰਾਬ ਅਨੁਸਾਰ ਯੂਕੇ ਮਿਆਂਮਾਰ ਵਿੱਚ ਫੌਜੀ ਤਖ਼ਤਾ ਪਲਟ ਅਤੇ ਲੀਡਰ ਆਂਗ ਸਾਨ ਸੂ ਕੀ ਦੇ ਨਾਲ ਹੋਰ ਰਾਜਨੀਤਿਕ ਸ਼ਖਸੀਅਤਾਂ ਦੀ ਮਨਮਾਨੀ ਨਾਲ ਨਜ਼ਰਬੰਦੀ ਕਰਨ ਦੀ ਨਿੰਦਾ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਪਹਿਲੀ ਵਾਰ ਕਬੂਲਿਆ, ਗਲਵਾਨ ਘਾਟੀ ਦੀ ਝੜਪ 'ਚ ਮਾਰੇ ਗਏ 5 ਸੈਨਿਕ
ਮਿਆਂਮਾਰ ਵਿੱਚ 1 ਫਰਵਰੀ ਨੂੰ ਸੈਨਿਕਾਂ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਿਵਲੀਅਨ ਸਰਕਾਰ ਤੋਂ ਸੱਤਾ ਪ੍ਰਾਪਤ ਕਰਕੇ ਇਸ ਦੇ ਬਹੁਤ ਸਾਰੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਕਰਕੇ ਰਾਸ਼ਟਰ ਵਿਚ ਤਣਾਅ ਵੱਧਦਾ ਜਾ ਰਿਹਾ ਹੈ ਅਤੇ ਜਨਤਕ ਵਿਰੋਧ ਪ੍ਰਦਰਸ਼ਨਾਂ ਕਾਰਨ ਮੁਜ਼ਾਹਰਾਕਾਰੀਆਂ 'ਤੇ ਹਿੰਸਕ ਕਾਰਵਾਈਆਂ ਹੋਣ ਦਾ ਵੀ ਖਦਸ਼ਾ ਹੈ। ਅਮਰੀਕਾ ਵਿੱਚ ਵੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਤਖ਼ਤਾ ਪਲਟ ਕਾਰਨ ਮਿਆਂਮਾਰ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਨਾਲ ਹੋਰ ਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਬ੍ਰਿਟੇਨ ਦੀਆਂ ਇਹ ਪਾਬੰਦੀਆਂ ਮਿਆਂਮਾਰ ਦੇ ਰੱਖਿਆ ਮੰਤਰੀ ਜਨਰਲ ਮਿਆ ਤੁਨ ਓ, ਗ੍ਰਹਿ ਮਾਮਲਿਆਂ ਦੇ ਮੰਤਰੀ ਲੈਫਟੀਨੈਂਟ ਜਨਰਲ ਸੋਈ ਹਤੁਤ ਅਤੇ ਉਪ ਗ੍ਰਹਿ ਮਾਮਲਿਆਂ ਦੇ ਮੰਤਰੀ ਲੈਫਟੀਨੈਂਟ ਜਨਰਲ ਥਾਨ ਹਲੇਂਗ ‘ਤੇ ਲਗਾਈਆਂ ਜਾਣਗੀਆਂ।
ਨੋਟ- ਯੂਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਮਿਆਂਮਾਰ ਦੇ ਅਧਿਕਾਰੀਆਂ 'ਤੇ ਲਗਾਏਗਾ ਪਾਬੰਦੀਆਂ, ਕੁਮੈਂਟ ਕਰ ਦਿਓ ਰਾਏ।