ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਬ੍ਰਿਟੇਨ ਨੇ ਚੁੱਕਿਆ ਇਹ ਕਦਮ
Friday, Jan 04, 2019 - 10:27 AM (IST)

ਲੰਡਨ (ਵਾਰਤਾ)— ਬ੍ਰਿਟੇਨ ਦੀ ਜਲ ਸੈਨਾ ਦੇ ਐੱਚ.ਐੱਮ.ਐੱਸ. ਮਰਸੀ ਗਸ਼ਤੀ ਜਹਾਜ਼ ਨੂੰ 'ਸਟ੍ਰੇਟ ਆਫ ਡੋਵਰ' ਵਿਚ ਤਾਇਨਾਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਫਰਾਂਸ ਤੋਂ ਇੰਗਲਿਸ਼ ਚੈਨਲ ਜ਼ਰੀਏ ਬ੍ਰਿਟੇਨ ਵਿਚ ਦਾਖਲ ਹੋਣ ਵਾਲੇ ਗਾਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਐੱਚ.ਐੱਮ.ਐੱਸ. ਮਰਸੀ ਗਸ਼ਤੀ ਜਹਾਜ਼ ਨੂੰ ਸਟ੍ਰੇਟ ਆਫ ਡੋਵਰ ਵਿਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਬ੍ਰਿਟੇਨ ਸੀਮਾ ਬਲ ਅਤੇ ਫਰਾਂਸ ਦੇ ਅਧਿਕਾਰੀਆਂ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਵਿਚ ਮਦਦ ਕੀਤੀ ਜਾ ਸਕੇ।''
ਰੱਖਿਆ ਮੰਤਰੀ ਨੇ ਕਿਹਾ ਕਿ ਐੱਚ.ਐੱਮ.ਐੱਸ. ਮਰਸੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਤੁਰੰਤ ਆਪਣੀ ਡਿਊਟੀ ਛੱਟ ਕੇ ਪ੍ਰਵਾਸੀਆਂ ਨੂੰ ਇੰਗਲਿਸ਼ ਚੈਨਲ ਪਾਰ ਕਰਨ ਦੇ ਖਤਰਨਾਕ ਕੰਮ ਤੋਂ ਰੋਕਣ ਲਈ ਜੁੱਟ ਜਾਣ ਲਈ ਕਿਹਾ ਗਿਆ ਹੈ। ਵਿਲੀਅਮਸਨ ਦਾ ਇਹ ਬਿਆਨ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਇੰਗਲਿਸ਼ ਚੈਨਲ ਪ੍ਰਵਾਸੀ ਸੰਕਟ ਦੇ ਹੱਲ ਵਿਚ ਸਮਰਥਨ ਦੀ ਅਪੀਲ ਦੇ ਬਾਅਦ ਆਇਆ ਹੈ। ਜਾਵਿਦ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫਰ ਕਾਸਟੇਨਰ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਨੂੰੰ ਸਾਂਝੇ ਤੌਰ 'ਤੇ ਹੱਲ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ।
ਹਰ ਸਾਲ ਫਰਾਂਸ ਦੇ ਕੈਲਿਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਲੋਕ ਇੰਗਲਿਸ਼ ਚੈਨਲ ਦੇ ਸਹਾਰੇ ਬ੍ਰਿਟੇਨ ਵਿਚ ਦਾਖਲ ਹੁੰਦੇ ਹਨ ਜਿੱਥੇ ਉਨ੍ਹਾਂ ਲਈ ਅਸਥਾਈ ਕੈਂਪ ਬਣਿਆ ਹੋਇਆ ਹੈ। ਸਿਰਫ ਨਵੰਬਰ ਤੋਂ ਹੁਣ ਤੱਕ ਬ੍ਰਿਟੇਨ ਵਿਚ 239 ਪ੍ਰਵਾਸੀ ਚੈਨਲ ਦੇ ਸਹਾਰੇ ਬ੍ਰਿਟੇਨ ਵਿਚ ਦਾਖਲ ਹੋ ਚੁੱਕੇ ਹਨ।