ਗਲਾਸਗੋ ਦੇ ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਵੱਲੋਂ ਵੰਡਿਆ ਗਿਆ ਰਾਸ਼ਨ

07/03/2020 5:49:27 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਲੋੜਵੰਦ ਸ਼ਬਦ ਆਪਣੇ ਆਪ ਵਿੱਚ ਵੱਡਾ ਦਰਦ ਲੁਕੋਈ ਬੈਠਾ ਹੈ। ਕੋਈ ਨਹੀਂ ਚਾਹੁੰਦਾ ਕਿ ਉਸਨੂੰ ਲੋੜਵੰਦ ਆਖਿਆ ਜਾਵੇ ਪਰ ਕਈ ਵਾਰ ਹਾਲਾਤ ਬਹੁਤ ਕੁਝ ਪੁੱਠਾ ਸਿੱਧਾ ਭਾਣਾ ਵਰਤਾ ਦਿੰਦੇ ਹਨ। ਉਹਨਾਂ ਲੋਕਾਂ ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਹੈ ਜੋ ਲੋੜ ਵੇਲੇ ਸਾਥ ਦੇਣ ਲਈ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰਦੇ। ਇੱਥੇ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਐਲਬਰਟ ਡਰਾਈਵ ਦੀ ਪ੍ਰਬੰਧਕੀ ਕਮੇਟੀ, ਸੇਵਾਦਾਰਾਂ ਤੇ ਦਾਨੀ ਸੰਗਤਾਂ ਦਾ ਮਾਣ ਸਤਿਕਾਰ ਨਾਲ ਜ਼ਿਕਰ ਕਰਨਾ ਬਣਦਾ ਹੈ ਜਿਹਨਾਂ ਵੱਲੋਂ ਦਸਵੰਧ ਵਿੱਚੋਂ ਘਰੇਲੂ ਜ਼ਰੂਰੀ ਵਸਤਾਂ ਦੇ ਅੰਬਾਰ ਲਗਾ ਕੇ ਬਿਨਾਂ ਭੇਦਭਾਵ ਲੋਕਾਂ ਨੂੰ ਰਾਸ਼ਨ ਵਰਤਾਏ ਜਾਣ ਦਾ ਅਮਲ ਨਿਰੰਤਰ ਵਿੱਢਿਆ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- Big Breaking : ਪਾਕਿ `ਚ ਰੇਲ ਅਤੇ ਬੱਸ ਦੀ ਭਿਆਨਕ ਟੱਕਰ, 19 ਸਿੱਖ ਸ਼ਰਧਾਲੂਆਂ ਦੀ ਮੌਤ

ਇਸ ਪ੍ਰਤੀਨਿਧੀ ਵੱਲੋਂ ਕੀਤੇ ਦੌਰੇ ਸਮੇਂ ਗੁਰਦੁਆਰਾ ਸਾਹਿਬ ਦੇ ਬਾਹਰ ਦਰਵਾਜ਼ੇ ਅੱਗੇ ਸੇਵਾਦਾਰ ਰੋਜ਼ਾਨਾ ਵਰਤੋਂ ਵਾਲਾ ਸਮਾਨ ਥੈਲੇ ਬਣਾ ਕੇ ਲੋਕਾਂ ਨੂੰ ਵੰਡ ਰਹੇ ਸਨ। ਇਸ ਸਮੇਂ ਸਚਮੁੱਚ ਹੀ "ਮਾਨਸ ਕੀ ਜਾਤੁ ਸਭੈ ਏਕੈ ਪਹਿਚਾਨਬੋ।।" ਵਰਗੀ ਮੱਤ ਅਮਲ ਵਿੱਚ ਆ ਰਹੀ ਪ੍ਰਤੀਤ ਹੁੰਦੀ ਸੀ। ਇਸ ਸਮੇਂ ਜਿੱਥੇ ਸੇਵਾਦਾਰ ਸਮਾਨ ਵਰਤਾਉਣ ਲੱਗੇ ਮੀਂਹ ਦੀ ਪ੍ਰਵਾਹ ਵੀ ਨਹੀਂ ਕਰ ਰਹੇ ਸਨ, ਉੱਥੇ ਸਮਾਨ ਲੈ ਰਹੇ ਲੋਕ ਦੁਆਵਾਂ ਅਸੀਸਾਂ ਵੰਡਦੇ ਵੀ ਥੱਕ ਨਹੀਂ ਰਹੇ ਸਨ। ਇਸ ਸਮੇਂ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ ਨੇ ਸਮਾਨ ਵੰਡਣ ਦੀ ਮੁਹਿੰਮ 'ਚ ਲੱਗੇ ਸੇਵਾਦਾਰਾਂ, ਦਾਨੀ ਸੰਗਤਾਂ ਦਾ ਧੰਨਵਾਦ ਕੀਤਾ। ਸਕੱਤਰ ਦਲਜੀਤ ਸਿੰਘ ਦਿਲਬਰ ਨੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਆਉਣ ਜਾਣ ਸੰਬੰਧੀ ਕੀਤੇ ਪੁਖਤਾ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵੇਲੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ।


Vandana

Content Editor

Related News