ਯੂ. ਕੇ. : ਫਸਟਸਾਈਟ ਨੂੰ ਮਿਲਿਆ ਸਰਵੋਤਮ ਅਜਾਇਬਘਰ ਦਾ ਸਨਮਾਨ

Wednesday, Sep 22, 2021 - 03:26 PM (IST)

ਯੂ. ਕੇ. : ਫਸਟਸਾਈਟ ਨੂੰ ਮਿਲਿਆ ਸਰਵੋਤਮ ਅਜਾਇਬਘਰ ਦਾ ਸਨਮਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਇੱਕ ਅਜਾਇਬਘਰ ਨੂੰ ਸਾਲ ਦੇ ਸਰਵੋਤਮ ਅਜਾਇਬਘਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਅਜਾਇਬਘਰ ਦਾ ਨਾਂ ‘ਫਸਟਸਾਈਟ ਆਰਟ ਗੈਲਰੀ’ ਹੈ, ਜੋ  ਏਸੈਕਸ ਦੇ ਕੋਲਚੇਸਟਰ ’ਚ ਸਥਿਤ ਹੈ। 2011 ’ਚ ਖੋਲ੍ਹੀ ਗਈ ਫਸਟਸਾਈਟ ਆਰਟ ਗੈਲਰੀ ਨੇ 10 ਸਾਲ ਬਾਅਦ ਸਾਲ ਦੇ ਸਭ ਤੋਂ ਪ੍ਰਸਿੱਧ ਆਰਟ ਫੰਡ ਅਜਾਇਬਘਰ ਦਾ ਪੁਰਸਕਾਰ ਜਿੱਤਿਆ ਹੈ। ਇਸ ਲਈ ਮੰਗਲਵਾਰ ਨੂੰ ਲੰਡਨ ਦੇ ਸਾਇੰਸ ਮਿਊਜ਼ੀਅਮ ’ਚ ਇੱਕ ਸਮਾਰੋਹ ਦੌਰਾਨ ਏਸੈਕਸ ਸੰਸਥਾ ਦੀ ਡਾਇਰੈਕਟਰ ਸੈਲੀ ਸ਼ਾਅ ਨੂੰ 1,00,000 ਪੌਂਡ ਦਾ ਇਨਾਮ ਵੀ ਦਿੱਤਾ ਗਿਆ। ਇਸ ਆਰਟ ਗੈਲਰੀ ਦੀ ਇਸ ਦੇ ਸਮਾਜਿਕ ਕੰਮਾਂ ਲਈ ਸ਼ਲਾਘਾ ਕੀਤੀ ਗਈ ਹੈ, ਜਿਸ ’ਚ ਛੁੱਟੀਆਂ ਵਿਚ ਬੱਚਿਆਂ ਨੂੰ ਮੁਫਤ ਸਕੂਲੀ ਭੋਜਨ ਦੇਣਾ ਅਤੇ ਆਰਟ ਪੈਕ ਭੇਜਣਾ ਸ਼ਾਮਲ ਹੈ।

ਆਰਟ ਫੰਡ ਦੇ ਨਿਰਦੇਸ਼ਕ ਜੈਨੀ ਵਾਲਡਮੈਨ ਅਨੁਸਾਰ ਇਸ ਅਜਾਇਬਘਰ ਨੇ ਉਮੀਦ ਤੋਂ ਵੱਧ ਕੰਮ ਕੀਤਾ ਹੈ। ਫਸਟਸਾਈਟ ਨੇ ਇਹ ਸਨਮਾਨ ਚਾਰ ਹੋਰ ਸੰਸਥਾਵਾਂ, ਐਕਸਪੀਰੀਐਂਸ ਬਾਰਨਸਲੇ, ਲੀਡਜ਼ ’ਚ ਦਿ ਥੈਕਰੇ ਮਿਊਜ਼ੀਅਮ ਆਫ਼ ਮੈਡੀਸਨ, ਸਕਾਟਿਸ਼ ਹਾਈਲੈਂਡਜ਼ ਦੇ ਹੈਲਮਸਡੇਲ ’ਚ ਟਾਈਮਸਪੈਨ ਅਤੇ ਆਰਟ ਡੇਰੀ-ਲੰਡਨਡੇਰੀ ਨੂੰ ਪਛਾੜ ਕੇ ਜਿੱਤਿਆ ਹੈ। ਫਸਟਸਾਈਟ ਨੇ ਦਿ ਗ੍ਰੇਟ ਬਿਗ ਆਰਟ ਪ੍ਰਦਰਸ਼ਨੀ ਦਾ ਪ੍ਰਦਰਸ਼ਨ ਵੀ ਕੀਤਾ, ਜਿਸ ਨੇ ਲੋਕਾਂ ਨੂੰ ਲਾਕਡਾਊਨ ਦੌਰਾਨ ਆਪਣੀਆਂ ਕਲਾਵਾਂ ਨੂੰ ਆਪਣੀਆਂ ਖਿੜਕੀਆਂ ’ਚ ਰੱਖਣ ਲਈ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ ਆਰਟ ਫੰਡ ਸੰਸਥਾ, ਕਲਾ ਲਈ ਰਾਸ਼ਟਰੀ ਫੰਡ ਰੇਜ਼ਿੰਗ ਚੈਰਿਟੀ ਹੈ, ਜੋ ਯੂ. ਕੇ. ਭਰ ’ਚ ਕਲਾ ਦੇ ਕੰਮਾਂ ਨੂੰ ਉਤਸ਼ਾਹਿਤ ਅਤੇ ਅਜਾਇਬਘਰਾਂ ਦੀ ਸਹਾਇਤਾ ਲਈ ਹਰ ਸਾਲ ਲੱਖਾਂ ਪੌਂਡ ਪ੍ਰਦਾਨ ਕਰਦੀ ਹੈ।


author

Manoj

Content Editor

Related News