ਬ੍ਰਿਟੇਨ ਦੇ ਤਿੰਨ ਵਿਅਕਤੀਆਂ ''ਚੋਂ ਇੱਕ ਧੋਖਾਧੜੀ ਦਾ ਸ਼ਿਕਾਰ
Friday, May 21, 2021 - 03:02 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿੱਤੀ ਧੋਖਾਧੜੀ ਨਾਲ ਸੰਬੰਧਿਤ ਇੱਕ ਖੋਜ ਦੇ ਅਨੁਸਾਰ ਤਿੰਨ ਵਿੱਚੋਂ ਇੱਕ ਬ੍ਰਿਟੇਨ ਨਿਵਾਸੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਵਿਅਕਤੀਗਤ ਜਾਣਕਾਰੀ ਦੇ ਕੇ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਇਸ ਸੰਬੰਧੀ ਤਕਰੀਬਨ 2,000 ਬਾਲਗ਼ਾਂ 'ਤੇ ਕੀਤੀ ਗਈ ਇੱਕ ਖੋਜ ਵਿੱਚ 30 ਪ੍ਰਤੀਸ਼ਤ ਲੋਕਾਂ ਨਾਲ ਇੱਕ ਟੈਕਸਟ, ਈਮੇਲ ਜਾਂ ਸੋਸ਼ਲ ਮੀਡੀਆ ਸੰਦੇਸ਼ ਦੁਆਰਾ ਕਿਸੇ ਵਿਭਾਗ ਨਾਲ ਸੰਬੰਧਿਤ ਵਿਅਕਤੀ ਜਾਂ ਕੰਪਨੀ ਹੋਣ ਦਾ ਦਿਖਾਵਾ ਕਰਕੇ ਧੋਖਾਧੜੀ ਕੀਤੀ ਗਈ ਹੈ।
ਇਸ ਤਰ੍ਹਾਂ ਦੀ ਧੋਖਾਧੜੀ ਵਿੱਚ ਕਈ ਲੋਕਾਂ ਨੇ ਸਿੱਧੇ ਤੌਰ 'ਤੇ ਧੋਖਾਧੜੀ ਵਾਲੇ ਲਿੰਕਾਂ 'ਤੇ ਕਲਿੱਕ ਕੀਤਾ ਹੈ ਜਦਕਿ ਅੱਠਾਂ 'ਚੋਂ ਇੱਕ ਨੇ ਬੈਂਕ ਖਾਤੇ ਦੀ ਜਾਣਕਾਰੀ ਵਰਗੇ ਵੇਰਵੇ ਸੌਂਪੇ ਹਨ। ਜਿਸ ਕਰਕੇ 74 ਪ੍ਰਤੀਸ਼ਤ ਤੱਕ ਲੋਕਾਂ ਨੂੰ ਵਿੱਤੀ ਤੌਰ 'ਤੇ ਔਸਤਨ 600 ਪੌਂਡ ਦੇ ਲੱਗਭਗ ਵਿੱਤੀ ਨੁਕਸਾਨ ਹੋਇਆ ਹੈ। ਇਸ ਸਰਵੇ ਅਨੁਸਾਰ ਕੁੱਲ ਮਿਲਾ ਕੇ 80% ਬਾਲਗਾਂ ਨੇ ਕੋਈ ਨਾ ਕੋਈ ਸ਼ੱਕੀ ਮੈਸਜ, ਈਮੇਲ ਜਾਂ ਸੋਸ਼ਲ ਮੀਡੀਆ ਸੰਦੇਸ਼ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਦੇ ਘੁਟਾਲੇ ਬਾਰੇ ਇਹ ਸਰਵੇ ਸੁਰੱਖਿਅਤ ਮੈਸੇਜਿੰਗ ਪਲੇਟਫਾਰਮ ਲੈਟਰ ਬੌਕਸ ਦੁਆਰਾ ਜਾਰੀ ਕੀਤਾ ਗਿਆ ਹੈ ਅਤੇ ਇਸਦੇ ਸਲਾਹਕਾਰ ਬੋਰਡ ਦੇ ਮੈਂਬਰ ਰੌਬ ਹੈਲੇਟ ਅਨੁਸਾਰ ਇਸ ਤਰ੍ਹਾਂ ਦੇ ਘੁਟਾਲੇ ਬਹੁਤ ਜ਼ਿਆਦਾ ਹੋ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਅਨਵੀ ਭੂਟਾਨੀ ਆਕਸਫੋਰਡ ਵਿਦਿਆਰਥੀ ਸੰਘ ਉਪ ਚੋਣ 'ਚ ਜੇਤੂ ਘੋਸ਼ਿਤ
ਸਭ ਤੋਂ ਆਮ ਘੁਟਾਲਿਆਂ ਵਿੱਚ ਰਾਇਲ ਮੇਲ ਡਲਿਵਰੀ, ਜੇਤੂ ਇਨਾਮ ਅਤੇ ਬੇਤਰਤੀਬੇ ਸ਼ੱਕੀ ਲਿੰਕ ਦੇ ਸੰਦੇਸ਼ ਸ਼ਾਮਿਲ ਹਨ। ਇਸਦੇ ਇਲਾਵਾ ਬੈਂਕ ਖਾਤਾ ਨੋਟਿਸ, ਮਿਆਦ ਪੁੱਗ ਚੁੱਕੇ ਵੇਰਵੇ ਅਤੇ ਗਲਤ ਭੁਗਤਾਨ ਲਾਗਇਨ ਨੋਟੀਫਿਕੇਸ਼ਨ ਵੀ ਪ੍ਰਾਪਤ ਹੋਏ ਹਨ। ਵਿੱਤੀ ਮਾਹਿਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਸਾਵਧਾਨੀ ਦੀ ਜਰੂਰਤ ਹੈ ਅਤੇ ਆਨਲਾਈਨ ਲੈਣ ਦੇਣ ਬਾਰੇ ਜਾਣਕਾਰੀ ਦੇਣ ਦੀ ਜਰੂਰਤ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।