ਬਰਤਾਨੀਆ ''ਚ ਡਰੋਨ ਨਾਲ ਰਸਾਇਣਾਂ ਦੇ ਛਿੜਕਾਅ ਸੰਬੰਧੀ ਵਿਚਾਰਾਂ ਛਿੜੀਆਂ
Monday, Apr 06, 2020 - 01:37 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ): ਮਨੁੱਖ ਸਿਰ ਸਵਾਰ ਹੋਏ ਤਕਨੀਕ ਦੇ ਭੂਤ ਨੇ ਹਾਲ ਦੀ ਘੜੀ ਮਨੁੱਖ ਨੂੰ ਕਮਰਿਆਂ 'ਚ ਕੈਦ ਕਰ ਕੇ ਬਿਠਾ ਦਿੱਤਾ ਹੈ। ਹੁਣ ਕੋਰੋਨਾਵਾਇਰਸ ਤੋਂ ਨਿਜ਼ਾਤ ਪਾਉਣ ਲਈ ਤਕਨੀਕ ਦਾ ਹੀ ਆਸਰਾ ਤੱਕਿਆ ਜਾ ਰਿਹਾ ਹੈ। ਅਖੌਤੀ ਸਾਧ-ਸੰਤ, ਟੂਣੇ ਟਾਮਣਾਂ ਰਾਹੀਂ ਦੁਨੀਆ ਪਲਟਣ ਦੇ ਦਾਅਵੇ ਕਰਨ ਵਾਲੇ ਲੱਭਿਆਂ ਨਹੀਂ ਲੱਭ ਰਹੇ। ਬਰਤਾਨੀਆ ਵੱਲੋਂ ਵਾਇਰਸ ਨੂੰ ਪ੍ਰਭਾਵ ਰਹਿਤ ਕਰਨ ਲਈ ਡਰੋਨ ਰਾਹੀਂ ਰਸਾਇਣਾਂ ਦੇ ਛਿੜਕਾਅ ਦੀ ਵਿਧੀ ਅਪਨਾਉਣ ਦੀਆਂ ਵਿਚਾਰਾਂ ਕਰ ਰਿਹਾ ਹੈ। ਡਰੋਨ ਮਾਹਿਰਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਕਿ ਡਰੋਨ ਚਾਲਕਾਂ ਨੂੰ ਸਿੱਖਿਅਤ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਵਿਧੀ ਚੀਨ ਵਜੋਂ ਅਪਣਾਈ ਜਾ ਚੁੱਕੀ ਹੈ। ਇਸ ਸੰਬੰਧੀ ਬਰਤਾਨੀਆ ਦੇ ਸਿਹਤ ਮਾਹਿਰਾਂ ਵਿੱਚ ਵੀ ਪੱਖੀ ਵਿਪੱਖੀ ਦਲੀਲਾਂ ਛਿੜੀਆਂ ਹੋਈਆਂ ਹਨ। ਇੱਕ ਧਿਰ ਦਾ ਮੰਨਣਾ ਹੈ ਕਿ ਪਹਿਲਾਂ ਪੀੜਤ ਲੋਕਾਂ ਦੇ ਇਲਾਜ਼ ਕਰਨਾ ਪਹਿਲ ਹੋ ਸਕਦਾ ਹੈ ਤੇ ਇਹ ਤਰੀਕਾ ਜਿਆਦਾ ਕਾਰਗਾਰ ਸਾਬਤ ਨਹੀਂ ਹੋਵੇਗਾ। ਦੂਜੀ ਧਿਰ ਦਾ ਕਹਿਣਾ ਹੈ ਕਿ ਜੇਕਰ ਮਨੁੱਖੀ ਮਦਦ ਨਾਲ ਛਿੜਕਾਅ ਕੀਤਾ ਜਾਂਦਾ ਹੈ ਤਾਂ ਰਸਾਇਣਾਂ ਦਾ ਹਾਨੀਕਾਰਕ ਪ੍ਰਭਾਵ ਛਿੜਕਣ ਵਾਲੇ ਦੀ ਸਿਹਤ 'ਤੇ ਵੀ ਅਸਰ ਪਾਵੇਗਾ। ਇਸ ਲਈ ਡਰੋਨ ਦੀ ਵਰਤੋਂ ਉਚਿਤ ਆਖੀ ਜਾ ਸਕਦੀ ਹੈ।
ਚਾਈਨੀਜ਼ ਇਨਵੈਸਟਮੈਂਟ ਕੁਨੈਕਸ਼ਨਜ਼ ਦੇ ਡਾਇਰੈਕਟਰ ਰਾਬਰਟ ਪੀਅਰਸਨ ਦਾ ਕਹਿਣਾ ਹੈ ਕਿ ਚੀਨ ਵੱਲੋਂ ਵੱਖ ਵੱਖ 20 ਥਾਂਵਾਂ 'ਤੇ 902 ਵਰਗ ਕਿਲੋਮੀਟਰ ਜਗ੍ਹਾ ਨੂੰ ਡਰੋਨਾਂ ਰਾਹੀਂ ਛਿੜਕਾਅ ਕਰ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਡਰੋਨ ਨਾਲ ਇੱਕ ਦਿਨ ਵਿੱਚ 600 ਵਰਗ ਮੀਟਰ ਜਗ੍ਹਾ 'ਤੇ ਛਿੜਕਾਅ ਕੀਤਾ ਜਾ ਸਕਦਾ ਹੈ। ਜੇਕਰ ਇਹੀ ਕੰਮ ਮਨੁੱਖਾਂ ਨੇ ਕਰਨਾ ਹੋਵੇ ਤਾਂ 100 ਆਦਮੀਆਂ ਦੀ ਲੋੜ ਪਵੇਗੀ। ਡਰੋਨ ਨਾਲ ਛਿੜਕਾਅ ਦੀ ਵਿਧੀ ਅਪਨਾਉਣ ਤੋਂ ਪਹਿਲਾਂ ਡਰੋਨ ਦੀ ਵਰਤੋਂ ਸੰਬੰਧੀ ਕਾਨੂੰਨ ਨੂੰ ਵੀ ਬਾਰੀਕਬੀਨੀ ਨਾਲ ਘੋਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂਰਪ ਤੋਂ ਬਾਹਰਲੇ ਬਹੁਤ ਸਾਰੇ ਮੁਲਕਾਂ ਵਿੱਚ ਖੇਤੀ ਖੇਤਰ ਵਿੱਚ ਛਿੜਕਾਅ ਲਈ ਡਰੋਨਾਂ ਦੀ ਵਰਤੋਂ ਆਮ ਹੀ ਕੀਤੀ ਜਾ ਰਹੀ ਹੈ।