ਯੂਕੇ ''ਚ ਕੋਰੋਨਾ ਵੈਕਸੀਨ ਪ੍ਰਾਪਤ ਲੋਕਾਂ ਲਈ ਇਕਾਂਤਵਾਸ ਦੀ ਜ਼ਰੂਰਤ ਹੋਈ ਖ਼ਤਮ

08/16/2021 5:24:15 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਦੇ ਉਹਨਾਂ ਲੋਕਾਂ ਲਈ ਕੋਰੋਨਾ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ਹੋਣ ਵਜੋਂ ਇਕਾਂਤਵਾਸ ਹੋਣ ਦੀ ਜ਼ਰੂਰਤ 16 ਅਗਸਤ ਤੋਂ ਖ਼ਤਮ ਹੋ ਗਈ ਹੈ, ਜਿਨ੍ਹਾਂ ਨੇ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇਹਨਾਂ ਲੋਕਾਂ ਨੂੰ ਹੁਣ 10 ਦਿਨਾਂ ਲਈ ਇਕਾਂਤਵਾਸ ਹੋਣ ਦੀ ਬਜਾਏ, ਪੀ. ਸੀ. ਆਰ. ਟੈਸਟ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਵੇਂ ਨਿਯਮ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਵੀ ਲਾਗੂ ਹੁੰਦੇ ਹਨ।

ਇਕਾਂਤਵਾਸ ਦੇ ਇਹਨਾਂ ਨਿਯਮਾਂ ਵਿਚ ਬਦਲਾਅ ਸਕਾਟਲੈਂਡ ਅਤੇ ਵੇਲਜ਼ ਵਿਚ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਇਹਨਾਂ ਨਵੇਂ ਨਿਯਮਾਂ ਤਹਿਤ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਨੇੜਲੇ ਸੰਪਰਕਾਂ ਵਜੋਂ ਇਕਾਂਤਵਾਸ ਲਈ ਸੂਚਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ। ਇੰਗਲੈਂਡ ਅਤੇ ਵੇਲਜ਼ ਵਿਚ ਜੁਲਾਈ ਮਹੀਨੇ 'ਚ ਇਕ ਹਫ਼ਤੇ ਦੇ ਵਕਫੇ ਦੌਰਾਨ ਤਕਰੀਬਨ 7 ਲੱਖ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਸੀ। ਇਹਨਾਂ ਸੂਚਨਾਵਾਂ ਕਰਕੇ ਵੱਡੇ ਪੱਧਰ 'ਤੇ ਕਾਰੋਬਾਰ ਸਟਾਫ਼ ਦੀ ਕਮੀ ਤੋਂ ਪ੍ਰਭਾਵਿਤ ਹੋਏ ਸਨ, ਕਿਉਂਕਿ ਜ਼ਿਆਦਾਤਰ ਕਾਮੇ ਇਕਾਂਤਵਾਸ ਲਈ ਘਰ ਰਹਿਣ ਲਈ ਮਜ਼ਬੂਰ ਹੋਏ ਸਨ। 

ਇਸ ਨਾਲ ਸਰਕਾਰ ਨੇ ਕੁੱਝ ਪ੍ਰਮੁੱਖ ਕਾਰੋਬਾਰਾਂ ਦੇ ਕਰਮਚਾਰੀਆਂ ਨੂੰ ਐੱਨ. ਐੱਚ. ਐੱਸ. ਐਪ ਵੱਲੋਂ ਇਕਾਂਤਵਾਸ ਲਈ ਸੂਚਿਤ ਹੋਣ 'ਤੇ ਇਕਾਂਤਵਾਸ ਦੀ ਜਗ੍ਹਾ ਰੋਜ਼ਾਨਾ ਟੈਸਟ ਕਰਾਉਣ ਦੀ ਆਗਿਆ ਦਿੱਤੀ ਸੀ। ਇੰਗਲੈਂਡ ਵਿਚ, ਨਵੇਂ ਨਿਯਮ ਉਨ੍ਹਾਂ 'ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੂੰ ਸਕਾਰਾਤਮਕ ਕੇਸ ਦੇ ਸੰਪਰਕ ਵਿਚ ਆਉਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਮਨਜ਼ੂਰਸ਼ੁਦਾ ਟੀਕੇ ਦੀ ਅੰਤਮ ਖੁਰਾਕ ਦਿੱਤੀ ਗਈ ਸੀ ਅਤੇ ਜਿਹੜੇ ਲੋਕ ਐਪ ਰਾਹੀਂ ਅਲਰਟ ਪ੍ਰਾਪਤ ਕਰ ਰਹੇ ਹਨ, ਨੂੰ ਹੁਣ ਮੁਫ਼ਤ ਪੀ. ਸੀ. ਆਰ. ਟੈਸਟ ਕਰਾਉਣ ਦੀ ਸਲਾਹ ਦਿੱਤੀ ਜਾਵੇਗੀ। ਇਸ ਤਹਿਤ ਜਿਹੜੇ ਲੋਕ ਸਕਾਰਾਤਮਕ ਟੈਸਟ ਕਰਦੇ ਹਨ, ਜਾਂ ਲੱਛਣ ਦਿਖਾਉਣਾ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਅਜੇ ਵੀ 10 ਦਿਨਾਂ ਲਈ ਇਕਾਂਤਵਾਸ ਹੋਣ ਦੀ ਕਾਨੂੰਨੀ ਤੌਰ 'ਤੇ ਜ਼ਰੂਰਤ ਹੋਵੇਗੀ।


cherry

Content Editor

Related News