ਯੂਕੇ ਸ਼ੁਰੂ ਕਰ ਰਿਹਾ ਹੈ ਵਿਸ਼ਵ ਦਾ ਪਹਿਲਾ ਕੋਰੋਨਾ ‘ਬੂਸਟਰ’ ਟੀਕਾਕਰਨ ਟ੍ਰਾਇਲ
Thursday, May 20, 2021 - 07:06 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਦੇ ਚਲਦਿਆਂ ਇਸਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਦੀ ਬਿਮਾਰੀਆਂ ਵਿਰੁੱਧ ਲੜਨ ਦੀ ਸਰੀਰਕ ਸਮਰੱਥਾ ਵਧਾਉਣ ਦੇ ਮੱਦੇਨਜ਼ਰ ਵਿਸ਼ਵ ਭਰ ਵਿੱਚੋਂ “ਬੂਸਟਰ” ਟੀਕਿਆਂ ਦਾ ਪਹਿਲਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੱਗਭਗ 3,000 ਵਲੰਟੀਅਰ ਹਿੱਸਾ ਲੈ ਰਹੇ ਹਨ। ਟੀਕਿਆਂ ਦੀ ਤੀਜੀ ਖੁਰਾਕ ਦੇ ਨਤੀਜੇ ਸਤੰਬਰ ਵਿਚ ਆਉਣ ਦੀ ਉਮੀਦ ਹੈ, ਜਦੋਂ ਵੱਡੇ ਪੱਧਰ 'ਤੇ ਬੂਸਟਰ ਪ੍ਰੋਗਰਾਮ ਸ਼ੁਰੂ ਕਰਨ ਲਈ ਉਲੀਕਿਆ ਗਿਆ ਹੈ।
ਇਸ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਨੇ ਦੱਸਿਆ ਕਿ ਇਸ ਵਿਸ਼ਵ ਦੀ ਪਹਿਲੀ ਕਲੀਨੀਕਲ ਅਜ਼ਮਾਇਸ਼ ਦਾ ਅੰਕੜਾ ਇਸ ਸਾਲ ਦੇ ਅੰਤ ਵਿੱਚ ਬੂਸਟਰ ਪ੍ਰੋਗਰਾਮ ਦੀਆਂ ਯੋਜਨਾਵਾਂ ਨੂੰ ਰੂਪ ਦੇਣ ਵਿੱਚ ਸਹਾਇਤਾ ਕਰੇਗਾ। ਸਿਹਤ ਸਕੱਤਰ ਦੁਆਰਾ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਯੋਗ ਵਿਅਕਤੀਆਂ ਨੂੰ ਇਸ ਅਧਿਐਨ ਲਈ ਸਾਈਨਅਪ ਕਰਨ ਅਤੇ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਦੇਸ਼ ਦੇ ਨਾਲ ਦੁਨੀਆ ਦੇ ਕਮਜ਼ੋਰ ਲੋਕਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ ਹੈ। ਸਿਹਤ ਮਾਹਿਰਾਂ ਅਨੁਸਾਰ 19.3 ਮਿਲੀਅਨ ਪੌਂਡ ਦੇ ਸਰਕਾਰੀ ਫੰਡਾਂ ਦੀ ਸਹਾਇਤਾ ਨਾਲ, ਇਹ ਟ੍ਰਾਇਲ ਦੁਨੀਆ ਭਰ ਵਿੱਚ ਪਹਿਲਾ ਹੋਵੇਗਾ ਜੋ ਮਰੀਜ਼ਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਉੱਤੇ ਤੀਜੀ ਖੁਰਾਕ ਦੇ ਪ੍ਰਭਾਵ ਬਾਰੇ ਮਹੱਤਵਪੂਰਣ ਅੰਕੜੇ ਪ੍ਰਦਾਨ ਕਰੇਗਾ।
ਪੜ੍ਹੋ ਇਹ ਅਹਿਮ ਖਬਰ - ਹੁਣ UAE 'ਚ ਵੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ Pfizer ਦੀ ਕੋਵਿਡ ਵੈਕਸੀਨ
ਬੂਸਟਰ ਅਧਿਐਨ ਪੂਰੇ ਇੰਗਲੈਂਡ ਵਿੱਚ 16 ਸਾਈਟਾਂ ਦੇ ਨਾਲ ਨਾਲ ਸਿਹਤ ਅਤੇ ਦੇਖਭਾਲ ਰਿਸਰਚ ਵੇਲਜ਼ ਅਤੇ ਐੱਨ ਐੱਚ ਐੱਸ ਰਿਸਰਚ ਸਕਾਟਲੈਂਡ ਦੀਆਂ ਸਾਈਟਾਂ 'ਤੇ ਵੀ ਹੋਵੇਗਾ। ਇਸ ਵਿੱਚ ਭਾਗ ਲੈਣ ਵਾਲੇ ਸਾਰੇ ਲੋਕਾਂ 'ਤੇ ਕਿਸੇ ਵੀ ਮਾੜੇ ਪ੍ਰਭਾਵਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਉਹਨਾਂ ਦੀ ਇਮਊਨਿਟੀ ਪ੍ਰਤੀਕਿਰਿਆ ਨੂੰ 28ਵੇਂ, 84ਵੇਂ, 308ਵੇਂ ਦਿਨ ਅਤੇ ਫਿਰ ਪੂਰੇ ਇੱਕ ਸਾਲ ਬਾਅਦ ਮਾਪਣ ਲਈ ਖੂਨ ਦਾ ਸੈਂਪਲ ਲਿਆ ਜਾਵੇਗਾ।ਇਸ ਦੇ ਇਲਾਵਾ ਭਾਗ ਲੈਣ ਵਾਲਿਆਂ ਨੂੰ ਇਲੈਕਟ੍ਰਾਨਿਕ ਡਾਇਰੀਆਂ ਰਾਹੀਂ ਲੋੜ ਪੈਣ 'ਤੇ ਸੂਚਨਾ ਭੇਜਣ ਦੀ ਆਗਿਆ ਹੋਵੇਗੀ ਅਤੇ ਐਮਰਜੈਂਸੀ ਵਿੱਚ ਡਾਕਟਰ ਨਾਲ ਸੰਪਰਕ ਕਰਨ ਲਈ ਉਨ੍ਹਾਂ ਨੂੰ 24 ਘੰਟਿਆਂ ਦਾ ਐਮਰਜੈਂਸੀ ਫ਼ੋਨ ਵੀ ਦਿੱਤਾ ਜਾਵੇਗਾ।