ਯੂ. ਕੇ. : ਬੋਲਟਨ ’ਚ ਵਧਦੇ ਕੋਰੋਨਾ ਕੇਸਾਂ ਨਾਲ ਨਜਿੱਠਣ ਲਈ ਫੌਜ ਹੋਵੇਗੀ ਤਾਇਨਾਤ
Saturday, May 15, 2021 - 06:39 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ.’ਚ ਤਕਰੀਬਨ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਤੋਂ ਇਲਾਵਾ ਕੁਝ ਸ਼ਹਿਰ, ਜਿਵੇਂ ਕਿ ਬੋਲਟਨ ’ਚ ਕੋਰੋਨਾ ਵਾਇਰਸ ਦੇ ਭਾਰਤੀ ਰੂਪ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਲਾਨ ਕੀਤਾ ਹੈ ਕਿ ਭਾਰਤੀ ਕੋਰੋਨਾ ਵਾਇਰਸ ਰੂਪ ਦੇ ਪ੍ਰਸਾਰ ਨੂੰ ਰੋਕਣ ਲਈ ਬੋਲਟਨ ਅਤੇ ਬਲੈਕਬਰਨ ਦੀਆਂ ਸੜਕਾਂ ’ਤੇ ਫੌਜ ਤਾਇਨਾਤ ਕੀਤੀ ਜਾਵੇਗੀ।
ਇਸ ਖੇਤਰ ’ਚ ਇੱਕ ਹਫਤੇ ’ਚ ਹੀ ਭਾਰਤੀ ਵਾਇਰਸ ਦੇ ਰੂਪ ਦੇ ਮਾਮਲੇ ਦੁੱਗਣੇ ਤੋਂ ਵੱਧ ਹੋ ਗਏ ਹਨ, ਜਿਸ ’ਚ ਮੁੱਖ ਤੌਰ ’ਤੇ ਬੋਲਟਨ, ਸੇਰਟਨ ’ਚ ਮਰਸੀਸਾਈਡ, ਲੈਂਕਾਸ਼ਾਇਰ ’ਚ ਬਲੈਕਬਰਨ ਅਤੇ ਲੰਡਨ ਵੀ ਸ਼ਾਮਿਲ ਹੈ। ਇਸ ਕਾਰਵਾਈ ਲਈ ਉੱਤਰ-ਪੱਛਮੀ ਖੇਤਰ ਦੇ ਕਮਾਂਡਰ ਕਰਨਲ ਰੁੱਸ ਮਿਲਰ ਦੀ ਅਗਵਾਈ ਵਾਲੀ ਫੌਜ ਨੂੰ ਸਥਾਨਕ ਕਰਮਚਾਰੀਆਂ ਦੀ ਸਹਾਇਤਾ ਲਈ ਭੇਜਿਆ ਜਾਵੇਗਾ। ਫੌਜ ਦੀ ਤਾਇਨਾਤੀ ਨਾਲ ਟੀਕਾਕਰਨ ਕੇਂਦਰਾਂ ਦੇ ਖੁੱਲ੍ਹਣ ਦੇ ਸਮੇਂ ਸਮੇਤ ਟੀਕੇ ਦੇ ਰੋਲਆਊਟ ਵਿੱਚ ਵੀ ਤੇਜ਼ੀ ਆਵੇਗੀ। ਪ੍ਰਧਾਨ ਮੰਤਰੀ ਨੇ ਬੋਲਟਨ ਅਤੇ ਹੋਰ ਪ੍ਰਭਾਵਿਤ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।