ਯੂ. ਕੇ.: ਬਰਮਿੰਘਮ ’ਚ 19 ਸਾਲਾ ਅਫ਼ਗਾਨ ਸ਼ਰਨਾਰਥੀ ਖੁਦਕੁਸ਼ੀ ਮਾਮਲੇ ’ਚ ਹੋਇਆ ਇਹ ਖੁਲਾਸਾ

Friday, Sep 10, 2021 - 04:08 PM (IST)

ਯੂ. ਕੇ.: ਬਰਮਿੰਘਮ ’ਚ  19 ਸਾਲਾ ਅਫ਼ਗਾਨ ਸ਼ਰਨਾਰਥੀ ਖੁਦਕੁਸ਼ੀ ਮਾਮਲੇ ’ਚ ਹੋਇਆ ਇਹ ਖੁਲਾਸਾ

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)-ਬਰਮਿੰਘਮ ’ਚ ਇਸ ਸਾਲ ਅਪ੍ਰੈਲ ਮਹੀਨੇ ’ਚ ਇੱਕ 19 ਸਾਲਾ ਅਫ਼ਗਾਨ ਸ਼ਰਨਾਰਥੀ ਨੇ ਅਫ਼ਗਾਨਿਸਤਾਨ ਵਾਪਸ ਭੇਜੇ ਜਾਣ ਦੇ ਡਰ ਕਾਰਨ ਖ਼ੁਦ ਆਪਣੀ ਜਾਨ ਲੈ ਲਈ ਸੀ। ਇਹ ਵਿਅਕਤੀ ਜਿਸ ਦਾ ਨਾਂ ਸੁਰੱਖਿਆ ਕਾਰਨਾਂ ਕਰਕੇ ਜਨਤਕ ਨਹੀਂ ਕੀਤਾ ਗਿਆ ਸੀ, ਨੇ ਤਕਰੀਬਨ 6 ਸਾਲ ਪਹਿਲਾਂ ਯੂ. ਕੇ. ਆ ਕੇ ਪਨਾਹ ਲਈ ਦਾਅਵਾ ਕੀਤਾ ਸੀ। ਇਸ ਖੁਦਕੁਸ਼ੀ ਮਾਮਲੇ ’ਚ ਖੁਲਾਸਾ ਹੋਇਆ ਹੈ ਕਿ ਉਸ ਨੂੰ 18 ਸਾਲ ਦੀ ਉਮਰ ਤੱਕ ਅਸਥਾਈ ਰੂਪ ’ਚ ਯੂ. ਕੇ. ਵਿੱਚ ਰਹਿਣ ਦੀ ਆਗਿਆ ਦਿੱਤੀ ਗਈ ਸੀ ਪਰ ਫਿਰ ਉਸ ਨੂੰ ਦੇਸ਼-ਨਿਕਾਲੇ ਦਾ ਡਰ ਸੀ ਅਤੇ ਫਿਰ ਉਸ ਨੂੰ ਗ੍ਰਹਿ ਦਫਤਰ ’ਚ ਇੱਕ ਹੋਰ ਅਰਜ਼ੀ ਦੇਣੀ ਪਈ। ਬਰਮਿੰਘਮ ਅਧਿਕਾਰੀਆਂ ਦੇ ਅਨੁਸਾਰ ਇਹ ਵਿਅਕਤੀ ਇਸ ਗੱਲ ਤੋਂ ਚਿੰਤਤ ਸੀ ਕਿ ਕੀ ਉਹ ਯੂ. ਕੇ. ’ਚ ਰਹਿ ਸਕੇਗਾ ਜਾਂ ਨਹੀਂ ਕਿਉਂਕਿ ਗ੍ਰਹਿ ਦਫਤਰ ਨੇ ਹਜ਼ਾਰਾਂ ਪਨਾਹ ਮੰਗਣ ਵਾਲਿਆਂ ਨੂੰ ਅਫ਼ਗਾਨਿਸਤਾਨ ਵਾਪਸ ਭੇਜ ਦਿੱਤਾ ਹੈ, ਜਿਨ੍ਹਾਂ ’ਚ ਉਹ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਨੇ ਯੂ. ਕੇ. ’ਚ ਆਪਣੀ 18 ਸਾਲ ਦੀ ਉਮਰ ਪੂਰੀ ਕੀਤੀ ਸੀ। ਇਸ ਅਫ਼ਗਾਨੀ ਬੱਚੇ ਦੀ ਇੱਕ ਨਿੱਜੀ ਸਲਾਹਕਾਰ ਸਟੈਸੀ ਕਲਿਫੋਰਡ ਅਨੁਸਾਰ ਇਹ ਵਿਅਕਤੀ ਕਿਸੇ ਤਰ੍ਹਾਂ ਦੇ ਸ਼ੋਸ਼ਣ ਦਾ ਵੀ ਸ਼ਿਕਾਰ ਹੋਇਆ ਹੋਵੇਗਾ ਕਿਉਂਕਿ ਉਹ ਬਿਨਾਂ ਕਿਸੇ ਭੁਗਤਾਨ ਦੇ ਪਿੱਜ਼ਾ ਦੀ ਦੁਕਾਨ ’ਚ ਕੰਮ ਕਰਦਾ ਪਾਇਆ ਗਿਆ ਸੀ।

ਇਸ ਸ਼ਰਨਾਰਥੀ ਦੀ ਲਾਸ਼ ਇਸ ਸਾਲ 21 ਅਪ੍ਰੈਲ ਨੂੰ ਉਸ ਦੀ ਬਰਮਿੰਘਮ ਸਥਿਤ ਰਿਹਾਇਸ਼ ਦੇ ਬਾਗ ’ਚ ਮਿਲੀ ਸੀ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਦਿਨ ਪਹਿਲਾਂ ਹੀ ਉਸ ਨੇ ਆਪਣੀ ਜਾਨ ਲੈ ਲਈ ਸੀ। ਬਰਮਿੰਘਮ ਅਤੇ ਸੋਲੀਹਲ ਦੇ ਸੀਨੀਅਰ ਕੋਰੋਨਰ, ਲੁਈਸ ਹੰਟ ਨੇ ਇਹ ਸਿੱਟਾ ਕੱਢਿਆ ਕਿ ਲੜਕੇ ਦੀ ਮੌਤ ਖ਼ੁਦਕੁਸ਼ੀ ਨਾਲ ਹੋਈ ਹੈ। ਇਸ ਕੇਸ ਨੇ ਯੂ. ਕੇ. ਵਿੱਚ ਇਕੱਲੇ ਆਏ ਨੌਜਵਾਨ ਸ਼ਰਨਾਰਥੀਆਂ ਵੱਲੋਂ ਕਾਫੀ ਵਕਤ ਬਿਤਾਉਣ ਤੋਂ ਬਾਅਦ ਆਪਣੀ ਜਾਨ ਲੈਣ ਦੇ ਵਧ ਰਹੇ ਮੁੱਦਿਆਂ ਨੂੰ ਉਜਾਗਰ ਕੀਤਾ ਹੈ।
 


author

Manoj

Content Editor

Related News